ਜੈਪੁਰ : ਰਾਜਸਥਾਨ ਵਿਚ ਅਸ਼ੋਕ ਗਹਿਲੋਤ ਸਰਕਾਰ ਅਤੇ ਪਾਰਟੀ ਵਿਚ ਫੇਰਬਦਲ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਸੱਤਾ ਅਤੇ ਸੰਗਠਨ ਵਿਚ ਫੇਰਬਦਲ ਦੇ ਸਾਰੇ ਫ਼ੈਸਲੇ ਪਾਰਟੀ ਆਗੂਆਂ ਨੇ ਹਾਈ ਕਮਾਨ ’ਤੇ ਛੱਡ ਦਿਤੇ ਹਨ। ਐਤਵਾਰ ਨੂੰ ਪ੍ਰਦੇਸ਼ ਕਾਂਗਰਸ ਮੁੱਖ ਦਫ਼ਤਰ ਵਿਚ ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਦੀ ਬੈਠਕ ਵਿਚ ਤੈਅ ਹੋਇਆ ਹੈ ਕਿ ਪ੍ਰਦੇਸ਼ ਇੰਚਾਰਜ ਅਜੇ ਮਾਕਨ 28 ਅਤੇ 29 ਜੁਲਾਈ ਨੂੰ ਸਾਰੇ ਵਿਧਾਇਕਾਂ ਨਾਲ ਇਕ ਇਕ ਕਰ ਕੇ ਮੀਟਿੰਗ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਵਿਧਾਇਕਾਂ ਦੀ ਇਸ ਰਾਏਸ਼ੁਮਾਰੀ ਮਗਰੋਂ ਮੰਤਰੀ ਮੰਡਲ ਵਿਸਤਾਰ ਕਰਕੇ ਪਾਰਟੀ ਹਾਈ ਕਮਾਨ ਰਾਜਸਥਾਨ ਵਿਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਤਵਾਜ਼ਨ ਬਣਾਏਗੀ। ਅਜੇ ਮਾਕਨ ਨੇ ਕਿਹਾ ਕਿ ਆਪਸ ਵਿਚ ਵਿਰੋਧਾਭਾਸ ਨਹੀਂ ਹੈ, ਸਾਰੇ ਲੋਕ ਇਕਮਤ ਹਨ। 28 ਅਤੇ 29 ਤਰੀਕ ਨੂੰ 2 ਦਿਨਾਂ ਲਈ ਰਾਜਸਥਾਨ ਵਿਚ ਮੁੜ ਆ ਰਿਹਾ ਹਾਂ। ਕਾਂਗਰਸ ਵਿਧਾਇਕਾਂ ਨਾਲ ਇਕ ਇਕ ਕਰਕੇ ਗੱਲ ਕਰਾਂਗਾ। ਅਸੀਂ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਵਿਧਾਇਕਾਂ ਦੀ ਰਾਏ ਦਾ ਹਾਈ ਕਮਾਨ ਨੂੰ ਪਤਾ ਲੱਗੇ ਕਿ ਕਿਸ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਬਣਾ ਰਹੇ ਹਾਂ। ਮੰਤਰੀ ਮੰਡਲ ਵਿਸਤਾਰ ਦੀ ਤਰੀਕ ਬਾਰੇ ਮਾਕਨ ਨੇ ਕਿਹਾ ਕਿ ਕਿਸੇ ਵੀ ਅਜਿਹੀ ਚੀਜ਼ ਨੂੰ ਤਰੀਕ ਨਾਲ ਨਹੀਂ ਬੰਨ੍ਹਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਹੈ ਕਿ ਦੋਹਾਂ ਆਗੂਆਂ ਵਿਚਾਲੇ ਤਵਾਜ਼ਨ ਬਣੇ ਅਤੇ ਸਰਕਾਰ ਦਾ ਕੰਮ ਬਿਹਤਰ ਢੰਗ ਨਾਲ ਚੱਲੇ।