ਕਿਨੌਰ : ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਪਹਾੜ ਤੋਂ ਪੱਥਰ ਖਿਸਕ ਜਾਣ ਕਾਰਨ ਐਤਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਪਹਾੜੀ ਚੱਟਾਨਾਂ ਦੇ ਸੈਲਾਨੀਆਂ ਦੀਆਂ ਕਾਰਾਂ ’ਤੇ ਡਿੱਗ ਜਾਣ ਕਾਰਨ ਨੌਂ ਜਣਿਆਂ ਦੀ ਮੌਤ ਹੋ ਗਈ। ਇਹ ਸੈਲਾਨੀ ਦਿੱਲੀ ਤੋਂ ਇਥੇ ਘੰੁਮਣ ਆਏ ਸਨ। ਪੱਥਰ ਡਿੱਗਣ ਕਾਰਨ ਸਾਂਗਲਾ ਘਾਟੀ ਵਿਚ ਪੁਲ ਵੀ ਟੁੱਟ ਗਿਆ। ਇਹ ਘਟਨਾ ਕਿਨੌਰ ਜ਼ਿਲ੍ਹੇ ਵਿਚ ਬਟੇਸਰੀ ਦੇ ਗੁੰਸਾ ਲਾਗੇ ਵਾਪਰੀ। ਇਥੇ ਸਾਂਗਲਾ ਵਲ ਆ ਰਹੀਆਂ ਸੈਲਾਨੀਆਂ ਦੀਆਂ ਕਾਰਾਂ ਪੱਥਰਾਂ ਦੀ ਲਪੇਟ ਵਿਚ ਆ ਗਈਆਂ। ਫ਼ਿਲਹਾਲ 9 ਜਣਿਆਂ ਦੀ ਮੌਤ ਅਤੇ 3 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸੈਲਾਨੀ ਚੰਡੀਗੜ੍ਹ ਤੋਂ ਵੀ ਘੰੁੰਮਣ ਗਏ ਹੋਏ ਸਨ। ਹਾਦਸੇ ਦਾ ਪਤਾ ਲਗਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਕਾਂਗਰਸ ਵਿਧਾਇਕ ਜਗਤ ਸਿੰਘ ਨੇਗੀ ਮੁਤਾਬਕ ਉਸ ਖੇਤਰ ਵਿਚ ਲਗਾਤਾਰ ਪੱਥਰ ਡਿੱਗ ਰਹੇ ਹਨ ਜਿਸ ਕਾਰਨ ਬਚਾਅ ਕਾਰਜਾਂ ਵਿਚ ਦਿੱਕਤ ਆ ਰਹੀ ਹੈ। ਕਿਨੌਰ ਦੇ ਐਸਪੀ ਸਾਜੂ ਰਾਮ ਰਾਣਾ ਨੇ ਦਸਿਆ ਕਿ ਬਟਸੇਰੀ ਪੁਲ ਟੁੱਟ ਗਿਆ ਹੈ। ਬਚਾਅ ਟੀਮ ਪਹੁੰਚ ਗਈ ਹੈ। ਅਜਿਹੀਆਂ ਵੀ ਖ਼ਬਰਾਂ ਹਨ ਕਿ ਇਨ੍ਹਾਂ ਸੈਲਾਨੀਆਂ ਨੂੰ ਸਥਾਨਕ ਅਧਿਕਾਰੀਆਂ ਨੇ ਹਾਦਸਿਆਂ ਦੇ ਖ਼ਦਸ਼ੇ ਕਾਰਨ ਉਥੇ ਜਾਣ ਤੋਂ ਰੋਕਿਆ ਸੀ। ਪਰ ਉਹ ਕਿਸੇ ਤਰ੍ਹਾਂ ਪੁਲਿਸ ਦੀ ਨਜ਼ਰ ਤੋਂ ਬਚ ਕੇ ਨਿਕਲ ਗਏ ਸਨ।