ਸ੍ਰੀਨਗਰ : ਜੰਮੂ ਕਸ਼ਮੀਰ ਦੇ ਮੁੱਖਧਾਰਾ ਦੇ ਆਗੂਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਦੇ ਇਕ ਮਹੀਨੇ ਬਾਅਦ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੁਖ ਅਬਦੁੱਲਾ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਉਸ ਗੱਲਬਾਤ ਮਗਰੋਂ ਕੋਈ ਨਤੀਜੇ ਨਹੀਂ ਦਿਸੇ ਹਨ। ਅਬਦੁੱਲਾ ਨੇ ਨਵੀਂ ਦਿੱਲੀ ਵਿਚ 24 ਜੂਨ ਨੂੰ ਹੋਈ ਬੈਠਕ ਵਿਚ ਮੋਦੀ ਵਲੋਂ ਕੀਤੀ ਗਈ ਟਿਪਣੀ ਦੇ ਸਬੰਧ ਵਿਚ ਇਹ ਗੱਲ ਕਹੀ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੇ ਹਨ ਅਤੇ ‘ਦਿੱਲੀ ਦੀ ਦੂਰੀ’ ਨਾਲ ‘ਦਿਲ ਦੀ ਦੂਰੀ’ ਮਿਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,‘ਉਹ ਸਵਾਗਤਯੋਗ ਬਿਆਨ ਸੀ ਪਰ ਲੋਕਾਂ ਦੇ ਦਿਲ ਜਿੱਤਣ ਲਈ ਜ਼ਮੀਨੀ ਪੱਧਰ ’ਤੇ ਕੋਈ ਯਤਨ ਨਹੀਂ ਹੋਈ। ਲੋਕਾਂ ਨੂੰ ਹਿਰਾਸਤ ਵਿਚ ਲੈਣਾ ਜਾਰੀ ਹੈ ਅਤੇ ਅਸਹਿਮਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ।’ ਉਨ੍ਹਾਂ ਕਿਹਾ, ‘ਅਸੀਂ ਜ਼ਮੀਨ ’ਤੇ ਤਬਦੀਲੀ ਵੇਖਣਾ ਚਾਹੁੰਦੇ ਹਾਂ। ਅਪਣੇ ਰਾਜ ਦੇ ਟੁਕੜੇ ਹੋਣ, ਇਕ ਹੀ ਝਟਕੇ ਵਿਚ ਵਿਸ਼ੇਸ਼ ਦਰਜਾ ਖੋਹ ਲੈ ਜਾਣ ਦੇ ਦੁੱਖ ਵਿਚੋਂ ਲੰਘੇ ਲੋਕਾਂ ਨੂੰ ਵਾਪਸ ਜਿੱਤਣ ਦੀ ਦਿਸ ਸਕਣ ਵਾਲੀ ਕੋਸ਼ਿਸ਼।’ ਉਨ੍ਹਾਂ ਕਿਹਾ ਕਿ ਇਕ ਮਹੀਨੇ ਬਾਅਦ ਵੀ ਨਤੀਜੇ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਕਿਹਾ, ‘ਵਿਸ਼ਵਾਸ ਵਿਚ ਦੋਹਾਂ ਹੀ ਧਿਰਾਂ ਵਲੋਂ ਕਮੀ ਹੈ। ਇਕ ਦੇ ਬਾਅਦ ਇਕ ਪ੍ਰਧਾਨ ਮੰਤਰੀਆਂ ਨੇ ਵਾਅਦੇ ਕੀਤੇ ਪਰ ਵਿਸ਼ਵਾਸ ਦੀ ਕਮੀ ਬਣੀ ਰਹੀ। ਅਬਦੁੱਲਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦਿੱਲੀ ਦੀ ਬੈਠਕ ਵਿਚ ਇਸ ਲਈ ਗਏ ਕਿਉਂਕਿ ਇਹ ਪ੍ਰਧਾਨ ਮੰਤਰੀ ਤੋਂ ਮਿਲਿਆ ਸੱਦਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਪਹਿਲਾਂ ਹੀ ਬਹੁਤੀ ਉਮੀਦ ਨਹੀਂ ਸੀ ਪਰ ਫਿਰ ਵੀ ਮੀਟਿੰਗ ਵਿਚ ਸ਼ਾਮਲ ਹੋਏ ਅਤੇ ਆਖ਼ਰ ਕੁਝ ਨਹੀਂ ਹੋਇਆ। ਅਬਦੁੱਲਾ ਨੇ ਕਿਹਾ ਕਿ ਹੁਣ ਅਸੀਂ ਵੇਖਾਂਗੇ ਕਿ ਅੱਗੇ ਕੀ ਕਰਨਾ ਹੈ।