ਟੋਕੀਉ :ਉਲੰਪਿਕਸ ਦੇ ਤੀਜੇ ਦਿਨ ਅੱਜ ਭਾਰਤੀ ਹਾਕੀ ਟੀਮ ਨੂੰ ਸ਼ਰਮਨਾਕ ਹਾਰ ਝੱਲਣੀ ਪਈ। ਵਿਸ਼ਵ ਨੰਬਰ ਇਕ ਆਸਟਰੇਲੀਆ ਨੇ ਅੱਠ ਵਾਰ ਦੀ ਚੈਂਪਅਨ ਭਾਰਤੀ ਟੀਮ ਨੂੰ 7-1 ਨਾਲ ਹਰਾ ਦਿਤਾ। ਛੇ ਪੈਨਲਟੀ ਕਾਰਨਰ ਮਿਲਣ ਦੇ ਬਾਵਜੂਦ ਭਾਰਤੀ ਪੁਰਸ਼ ਹਾਕੀ ਟੀਮ ਇਕ ਵੀ ਮੌਕੇ ਨੂੰ ਗੋਲ ਵਿਚ ਤਬਦੀਲ ਨਹੀਂ ਕਰ ਸਕੀ। ਦੋ ਮੁਕਾਬਲਿਆਂ ਵਿਚ ਭਾਰਤ ਦੀ ਇਹ ਪਹਿਲੀ ਵਾਰ ਹੈ। ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਮਨਪ੍ਰੀਤ ਸਿੰਘ ਦੀ ਟੀਮ ਨੇ ਅਪਣੀ ਮੁਹਿੰਮ ਸ਼ੁਰੂ ਕੀਤੀ ਸੀ। ਪਹਿਲੇ ਕਵਾਰਟਰ ਵਿਚ ਕੁਝ ਦੇਰ ਦੇ ਇਲਾਵਾ ਭਾਰਤ ਕਦੇ ਵੀ ਆਸਟਰੇਲੀਆ ਸਾਹਮਣੇ ਟਿਕ ਨਹੀਂ ਸਕਿਆ। ਪਹਿਲੇ ਕਵਾਰਟਰ ਵਿਚ ਆਸਟਰੇਲੀਆ ਨੇ ਇਕ ਗੋਲ ਕੀਤਾ ਪਰ ਪਹਿਲੇ ਹਾਫ਼ ਦੇ ਦੂਜੇ ਹਿੱਸੇ ਵਿਚ ਉਸ ਨੇ ਬੇਹੱਦ ਹਮਲਾਵਰ ਹਾਕੀ ਖੇਡੀ ਅਤੇ ਵੇਖਦੇ ਹੀ ਵੇਖਦੇ ਸਕੋਰ 4-0 ਕਰ ਦਿਤਾ। ਤੀਜੇ ਕਵਾਰਟਰ ਵਿਚ ਆਸਟਰੇਲੀਆ ਨੇ ਦੋ ਗੋਲ ਕੀਤੇ ਹਾਲਾਂਕਿ ਭਾਰਤ ਵੀ ਇਕ ਗੇਂਦ ਨੈਟ ਵਿਚ ਪਾਉਣ ਵਿਚ ਸਫ਼ਲ ਰਿਹਾ। ਹਾਲੇ ਤਿੰਨ ਮੁਕਾਬਲੇ ਬਾਕੀ ਹਨ। ਮੰਗਲਵਾਰ ਸਵੇਰੇ ਸਾਢੇ ਛੇ ਵਜੇ ਸਪੇਨ ਨਾਲ ਟੱਕਰ ਹੋਣੀ ਹੈ, ਫਿਰ ਜਾਪਾਨ ਅਤੇ ਅਰਜਨਟੀਨਾ ਵਿਰੁਧ ਭਾਰਤ ਨੇ ਲੜਨਾ ਹੈ। ਹਿੰਦੁਸਤਾਨ ਲਈ ਇਕੋ ਇਕ ਗੋਲ ਦਿਲਪ੍ਰੀਤ ਨੇ ਕੀਤਾ। ਆਸਟਰੇਲੀਆ ਨੇ ਇਸ ਮੈਚ ਵਿਚ ਭਾਰਤ ਨੂੰ ਵਾਪਸੀ ਦਾ ਕੋਈ ਮੌਕਾ ਹੀ ਨਹੀਂ ਦਿਤਾ।