ਨਵੀਂ ਦਿੱਲੀ : ਕਾਂਗਰਸ ਨੇ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਬੀਐਸ ਯੇਦੀਯੁਰੱਪਾ ਦੇ ਅਸਤੀਫ਼ਾ ਦੇਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਜਬਰਨ ਸੇਵਾਮੁਕਤੀ ਕਲੱਬ ਵਿਚ ਸ਼ਾਮਲ ਕੀਤੇ ਗਏ ਯੇਦੀਯੁਰੱਪਾ ਮੋਦੀ ਦੇ ਸਭ ਤੋਂ ਤਾਜ਼ਾ ਸ਼ਿਕਾਰ ਹਨ। ਪਾਰਟੀ ਦੇ ਜਨਰਲ ਸਕੱਤਰ ਅਤੇ ਕਰਨਾਟਕ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਇਹ ਦਾਅਵਾ ਵੀ ਕੀਤਾ ਕਿ ਚਿਹਰਾ ਬਦਲਣ ਨਾਲ ਕਰਨਾਟਕ ਵਿਚ ਭਾਜਪਾ ਦਾ ਭ੍ਰਿਸ਼ਟ ਚਰਿੱਤਰ ਨਹੀਂ ਬਦਲੇਗਾ। ਉਨ੍ਹਾਂ ਟਵਿਟਰ ’ਤੇ ਕਿਹਾ, ‘ਸਿਰਫ਼ ਚਿਹਰਾ ਬਦਲਣ ਨਾਲ ਭਾਜਪਾ ਦਾ ਭ੍ਰਿਸ਼ਟ ਚਰਿੱਤਰ ਨਹੀਂ ਬਦਲੇਗਾ। ਸਚਾਈ ਇਹ ਹੈ ਕਿ ਮੋਦੀ ਜੀ ਆਦਤਨ ਸੀਨੀਅਰ ਭਾਜਪਾ ਆਗੂਆਂ ਨੂੰ ਅਪਮਾਨਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਤਿਹਾਸ ਦੇ ਕੂੜੇਦਾਨ ਵਿਚ ਸੁੱਟ ਦਿੰਦੇ ਹਨ।’ ਸੁਰਜੇਵਾਲਾ ਨੇ ਦਾਅਵਾ ਕੀਤਾ, ‘ਮੋਦੀ ਜੀ ਦਾ ਰੀਕਾਰਡ ਹੈ ਕਿ ਉਨ੍ਹਾਂ ਅਡਵਾਨੀ ਜੀ, ਮੁਰਲੀ ਮਨੋਹਰ ਜੋਸ਼ੀ ਜੀ, ਕੇਸ਼ੂਭਾਈ ਪਟੇਲ ਜੀ, ਸ਼ਾਂਤਾ ਕੁਮਾਰ ਜੀ, ਯਸ਼ਵੰਤ ਸਿਨਹਾ ਜੀ ਅਤੇ ਕਈ ਹੋਰ ਲੋਕਾਂ ਦੀ ਜਬਰਨ ਸੇਵਾਮੁਕਤੀ ਕਰਵਾਈ। ਮੋਦੀ ਜੀ ਦੇ ਸ਼ਿਕਾਰ ਭਾਜਪਾ ਆਗੂਆਂ ਵਿਚ ਸੁਮਿਤਰਾ ਮਹਾਜਨ, ਸੁਸ਼ਮਾ ਸਵਰਾਜ, ਉਮਾ ਭਾਰਤੀ, ਸੀਪੀ ਠਾਕੁਰ, ਏ ਕੇ ਪਟੇਲ, ਹਰੇਨ ਪਾਂਡਿਆ, ਹਰੀਨ ਪਾਠਕ ਅਤੇ ਕਲਿਆਣ ਸਿੰਘ ਵੀ ਹਨ। ਤਾਜ਼ਾ ਨਾਮ ਹਰਸ਼ਵਰਧਨ, ਰਵੀਸ਼ੰਕਰ ਪ੍ਰਸਾਦ ਅਤੇ ਸੁਸ਼ੀਲ ਮੋਦੀ ਦਾ ਹੈ।’