ਕਾਬੁਲ : ਅਫ਼ਗ਼ਾਨਿਸਤਾਨ ਵਿਚ 2021 ਦੇ ਪਹਿਲੇ ਛੇ ਮਹੀਨਿਆਂ ਵਿਚ ਕਿਸੇ ਹੋਰ ਸਾਲ ਦੇ ਪਹਿਲੇ ਛੇ ਮਹੀਨਿਆਂ ਦੀ ਤੁਲਨਾ ਵਿਚ ਜ਼ਿਆਦਾ ਗਿਣਤੀ ਵਿਚ ਔਰਤਾਂ ਅਤੇ ਬੱਚੇ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਸੰਯੁਕਤ ਰਾਸ਼ਟਰ ਦੀ ਰੀਪੋਰਟ ਵਿਚ ਦਿਤੀ ਗਈ। ਸੰਯੁਕਤ ਰਾਸ਼ਟਰ ਨੇ 2009 ਤੋਂ ਸਿਲਸਿਲੇਵਾਰ ਢੰਗ ਨਾਲ ਗਿਣਤੀ ਦਾ ਰੀਕਾਰਡ ਰਖਣਾ ਸ਼ੁਰੂ ਕੀਤਾ ਸੀ। ਰੀਪੋਰਟ ਮੁਤਾਬਕ ਜੰਗਗ੍ਰਸਤ ਦੇਸ਼ ਵਿਚ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਅਫ਼ਗ਼ਾਨਿਸਤਾਨ ਵਿਚ ਹਿੰਸਾ ਦੌਰਾਨ ਮਾਰੇ ਗਏ ਅਤੇ ਜ਼ਖ਼ਮੀ ਹੋਏ ਨਾਗਰਿਕਾਂ ਦੀ ਗਿਣਤੀ ਵਿਚ ਪਿਛਲੇ ਸਾਲ ਇਸੇ ਅਰਸੇ ਦੀ ਤੁਲਨਾ ਵਿਚ 47 ਫੀਸਦੀ ਦਾ ਵਾਧਾ ਹੋਇਆ ਹੈ। ਅਫ਼ਗ਼ਾਨਿਸਤਾਨ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਵਿਸ਼ੇਸ਼ ਪ੍ਰਤੀਨਿਧ ਦੋਬੋਰਾ ਲਾਇਨ ਨੇ ਕਿਹਾ, ‘ਮੈਂ ਤਾਲਿਬਾਨ ਅਤੇ ਅਫ਼ਗ਼ਾਨਿਸਤਾਨ ਦੇ ਆਗੂਆਂ ਨੂੰ ਚੌਕਸ ਕਰਦੀ ਹਾਂ ਕਿ ਸੰਘਰਸ਼ ਦੀ ਭਿਆਨਕਤਾ ਅਤੇ ਨਾਗਰਿਕਾਂ ’ਤੇ ਪੈਣ ਵਾਲੇ ਇਸ ਦੇ ਖ਼ਤਰਨਾਕ ਅਸਰ ਵਲ ਧਿਆਨ ਦੇਣ।’ ਲਾਇਨ ਨੇ ਕਿਹਾ ਕਿ ਰੀਪੋਰਟ ਚੇਤਾਵਨੀ ਦਿੰਦੀ ਹੈ ਕਿ ਜੇ ਹਿੰਸਾ ’ਤੇ ਲਗਾਮ ਨਾ ਕਸੀ ਗਈ ਤਾਂ ਇਸ ਸਾਲ ਕਾਫ਼ੀ ਗਿਣਤੀ ਵਿਚ ਅਫਗਾਨ ਨਾਗਰਿਕ ਮਾਰੇ ਜਾਣਗੇ ਅਤੇ ਜ਼ਖ਼ਮੀ ਹੋਣਗੇ। ਤਾਲਿਬਾਨ ਨੇ ਹਾਲ ਹੀ ਵਿਚ ਕਾਫ਼ੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ, ਕਈ ਗੁਆਂਢੀ ਦੇਸ਼ੲਾਂ ਨਾਲ ਲਗਦੀਆਂ ਸਰਹੱਦਾਂ ’ਤੇ ਵੀ ਸਰਦਾਰੀ ਕਾਇਮ ਕਰ ਲਈ ਹੈ ਅਤੇ ਕਈ ਸੂਬਾਈ ਰਾਜਧਾਨੀਆਂ ’ਤੇ ਉਸ ਦੇ ਕਬਜ਼ੇ ਦਾ ਖ਼ਤਰਾ ਬਣਿਆ ਹੋਇਆ ਹੈ। ਅਮਰੀਕਾ ਅਤੇ ਨਾਟੋ ਫ਼ੌਜੀਆਂ ਦੇ ਅਫ਼ਗ਼ਾਨਿਸਤਾਨ ਛੱਡਣ ਦੇ ਬਾਅਦ ਤੋਂ ਤਾਲਿਬਾਨੀ ਦਾ ਖ਼ਤਰਾ ਵਧਿਆ ਹੈ। ਮਿਸ਼ਨ ਨੇ ਦਸਿਆ ਕਿ 2021 ਵਿਚ ਹੁਣ ਤਕ 1659 ਆਮ ਨਾਗਰਿਕ ਮਾਰੇ ਗਏ ਅਤੇ 3254 ਆਮ ਨਾਗਰਿਕ ਜ਼ਖ਼ਮੀ ਹੋਏ ਹਨ। ਪਿਛਲੇ ਸਾਲ ਇਸੇ ਸਮੇਂ ਦੀ ਤੁਲਨਾ ਵਿਚ ਇਹ 47 ਫ਼ੀਸਦੀ ਜ਼ਿਆਦਾ ਹੈ।