ਨਵੀਂ ਦਿੱਲੀ : ਪੇਗਾਸਸ ਜਾਸੂਸੀ ਮਾਮਲਾ ਹੋਰ ਭਖਦਾ ਜਾ ਰਿਹਾ ਹੈ। ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਦਾ ਘਿਰਾਉ ਕੀਤਾ ਹੈ। ਦਿੱਲੀ ਕਾਂਗਰਸ ਇਕਾਈ ਦੇ ਪ੍ਰਧਾਨ ਅਨਿਲ ਚੌਧਰੀ ਦੀ ਅਗਵਾਈ ਵਿਚ ਪਾਰਟੀ ਕਾਰਕੁਨਾਂ ਨੇ ਗ੍ਰਹਿ ਮੰਤਰੀ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਅਸਤੀਫੇ ਦੀ ਮੰਗ ਕੀਤੀ। ਕਾਂਗਰਸ ਨੇ ਦਿੱਲੀ ਪੁਲਿਸ ’ਤੇ ਅਨਿਲ ਚੌਧਰੀ ਦੇ ਘਰ ਦੀ ਪਹਿਰੇਦਾਰੀ ਕਰਨ ਦਾ ਵੀ ਦੋਸ਼ ਲਾਇਆ। ਕਾਂਗਰਸ ਦੀ ਦਿੱਲੀ ਇਕਾਈ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ ਦੁਆਰਾ ਰਾਹੁਲ ਗਾਂਧੀ ਦੀ ਜਾਸੂਸੀ ਕਰਨ ਵਿਰੁਧ ਆਵਾਜ਼ ਚੁਕਣ ’ਤੇ ਅਮਿਤ ਸ਼ਾਹ ਦੇ ਹੁਕਮਾਂ ’ਤੇ ਦਿੱਲੀ ਪੁਲਿਸ ਚੌਧਰੀ ਦੇ ਘਰ ਸਵੇਰ ਤੋਂ ਪਹਿਰੇਦਾਰੀ ਕਰ ਰਹੀ ਸੀ ਅਤੇ ਹੁਣ ਪੁਲਿਸ ਨੇ ਉਸ ਨੂੰ ਮੰਦਰ ਮਾਰਗ ’ਤੇ ਕੈਦ ਕਰ ਲਿਆ। ਪਰ ਉਹ ਰਾਹੁਲ ਗਾਂਧੀ ਦੇ ਸਿਪਾਹੀ ਹਨ, ਡਰਨਗੇ ਨਹੀਂ। ਜ਼ਿਕਰਯੋਗ ਹੈ ਕਿ ਸ਼ਾਹ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਚੌਧਰੀ ਅਤੇ ਕਾਂਗਰਸ ਕਾਰਕੁਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਜਿਸ ਦੀ ਵੀਡੀਉ ਕਾਂਗਰਸ ਨੇ ਅਪਣੇ ਟਵਿਟਰ ਹੈਂਡਲ ’ਤੇ ਪਾਈ ਹੈ। ਇਸ ਦੌਰਾਨ ਕਾਂਗਰਸ ਨੇ ਦਿੱਲੀ ਪੁਲਿਸ ’ਤੇ ਜਾਸੂਸੀ ਕਰਨ ਦਾ ਵੀ ਦੋਸ਼ ਲਾਇਆ। ਚੌਧਰੀ ਅਤੇ ਦਿੱਲੀ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਅਮਿ੍ਰਤਾ ਧਵਨ ਨਾਲ ਦਿੱਲੀ ਪੁਲਿਸ ਨੇ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਉਹ ਚੁੱਪ ਬੈਠਣ ਵਾਲਿਆਂ ਵਿਚੋਂ ਨਹੀਂ ਹਨ। ਕਾਂਗਰਸ ਦੀ ਮੰਗ ਹੈ ਕਿ ਪੇਗਾਸਸ ਜਾਸੂਸੀ ਘਟਨਾਕ੍ਰਮ ਦੀ ਆਜ਼ਾਦ ਏਜੰਸੀ ਤੋਂ ਜਾਂਚ ਕਰਾਈ ਜਾਵੇ ਤਾਕਿ ਸੱਚ ਸਾਹਮਣੇ ਆਵੇ।