ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ ਤੋਂ ਸਭ ਤੋਂ ਜ਼ਿਆਦਾ ਬੱਚਿਆਂ ਦੇ ਪ੍ਰਭਾਵਤ ਹੋਣ ਦੇ ਖਦਸ਼ਿਆਂ ਵਿਚਾਲੇ ਰਾਹਤ ਭਰੀ ਖ਼ਬਰ ਆਈ ਹੈ। ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਦਸਿਆ ਹੈ ਕਿ ਅਗਸਤ ਮਹੀਨੇ ਵਿਚ ਹੀ ਭਾਰਤ ਵਿਚ ਬੱਚਿਆ ਲਈ ਕੋਰੋਨਾ ਰੋਕੁ ਟੀਕਾ ਆ ਸਕਦਾ ਹੈ। ਮੀਡੀਆ ਰੀਪੋਰਟਾਂ ਮੁਤਾਬਕ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਹੋਈ ਭਾਜਪਾ ਸੰਸਦੀ ਦਲ ਦੀ ਬੈਠਕ ਦੌਰਾਨ ਇਹ ਜਾਣਕਾਰੀ ਦਿਤੀ। ਹਾਲੇ ਤਕ ਦੇਸ਼ ਵਿਚ 18 ਸਾਲ ਜਾਂ ਇਸ ਤੋਂ ਉਪਰਲੀ ਉਮਰ ਦੇ ਵਿਅਕਤੀਆਂ ਨੂੰ ਹੀ ਕੋਰੋਨਾ ਵਿਰੋਧੀ ਟੀਕਾ ਲਾਇਆ ਜਾ ਰਿਹਾ ਹੈ। ਰੀਪੋਰਟ ਮੁਤਾਬਕ ਸਿਹਤ ਮੰਤਰੀ ਨੇ ਬੈਠਕ ਦੌਰਾਨ ਇਹ ਦਸਿਆ ਕਿ ਸਰਕਾਰ ਸੰਭਵ ਤੌਰ ’ਤੇ ਅਗਲੇ ਮਹੀਨੇ ਤੋਂ ਬੱਚਿਆਂ ਨੂੰ ਟੀਕਾ ਲਾਉਣਾ ਸ਼ੁਰੂ ਕਰ ਦੇਵੇਗੀ। ਮਾਹਰਾਂ ਮੁਤਾਬਕ ਕੋਰੋਨਾ ਲਾਗ ਦੀ ਚੇਨ ਤੋੜਨ ਅਤੇ ਫਿਰ ਤੋਂ ਸਕੂਲ ਖੋਲ੍ਹਣ ਲਈ ਬੱਚਿਆਂ ਨੂੰ ਟੀਕਾ ਦਿਤਾ ਜਾਣਾ ਵੱਡਾ ਕਦਮ ਸਾਬਤ ਹੋ ਸਕਦਾ ਹੈ। ਹੁਣ ਤਕ ਦੇਸ਼ ਵਿਚ ਸਤੰਬਰ ਮਹੀਨੇ ਤਕ ਬੱਚਿਆਂ ਲਈ ਕੋਰੋਨਾ ਵੈਕਸੀਨ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ। ਏਮਜ਼ ਦੇ ਮੁਖੀ ਰਣਦੀਪ ਗੁਲੇਰੀਆ ਨੇ ਵੀ ਬੀਤੇ ਦਿਨੀਂ ਇਹ ਕਿਹਾ ਸੀ ਕਿ ਦੇਸ਼ ਵਿਚ ਸਤੰਬਰ ਤਕ ਬੱਚਿਆਂ ਨੂੰ ਟੀਕਾ ਲਗਣਾ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਦਸਿਆ ਸੀ ਕਿ ਜਾਇਡਸ ਕੈਡਿਲਾ ਕੰਪਨੀ ਨੇ ਟਰਾਇਲ ਕਰ ਲਿਆ ਹੈ ਅਤੇ ਉਸ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੀ ਉਡੀਕ ਹੈ। ਭਾਰਤ ਬਾਇਉਟੈਕ ਦੀ ਕੋਵੈਕਸੀਨ ਦਾ ਟਰਾਇਲ ਵੀ ਬੱਚਿਆਂ ਉਤੇ ਅਗਸਤ ਜਾਂ ਸਤੰਬਰ ਤਕ ਪੂਰਾ ਹੋ ਸਕਦਾ ਹੈ। ਹੁਣ ਤਕ ਮਾਹਰਾਂ ਨੇ ਇਹੋ ਕਿਹਾ ਹੈ ਕਿ ਕੋਵਿਡ ਦੀ ਤੀਜੀ ਲਹਿਰ ਦਾ ਬੱਚਿਆਂ ਉਤੇ ਸਭ ਤੋਂ ਜ਼ਿਆਦਾ ਅਸਰ ਪਵੇਗਾ।