ਨਵੀਂ ਦਿੱਲੀ: ਪਛਮੀ ਬੰਗਾਲ ਦੀ ਮੁੰਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ ਉਨ੍ਹਾਂ ਦਸਿਆ ਕਿ ਕੋਵਿਡ-19 ਪ੍ਰੋਟੋਕਾਲ ਤਹਿਤ ਇਹ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਕਿ ਰਵਾਇਤ ਤਹਿਤ ਮੋਦੀ ਨਾਲ ਮੁਲਾਕਾਤ ਹੋਈ ਹੈ। ਨਾਲ ਹੀ ਬੈਨਰਜੀ ਨੇ ਮੋਦੀ ਕੋਲੋਂ ਕੋਵਿਡ-19 ਵੈਕਸੀਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਬਾਦੀ ਦੇ ਹਿਸਾਬ ਨਾਲ ਬੰਗਾਲ ਨੂੰ ਜ਼ਿਆਦਾ ਵੈਕਸੀਨ ਮਿਲਣੀ ਚਾਹੀਦੀ ਹੈ। ਇਸ ਦੇ ਇਲਾਵਾ ਬੈਨਰਜੀ ਨੇ ਕਿਹਾ ਕਿ ਅਸੀਂ ਬੰਗਾਲ ਰਾਜ ਦਾ ਨਾਮ ਬਦਲਣ ਬਾਰੇ ਵੀ ਚਰਚਾ ਕੀਤੀ ਹੈ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੇਗਾਸਸ ਮੁੱਦੇ ’ਤੇ ਵਿਚਾਰ ਕਰਨ ਅਤੇ ਸੁਪਰੀਮ ਕੋਰਟ ਦੀ ਅਗਵਾਈ ਹੇਠ ਜਾਂਚ ਕਰਾਉਣ ਦਾ ਫ਼ੈਸਲਾ ਕਰਨ ਲਈ ਸਰਬਪਾਰਟੀ ਬੈਠਕ ਬੁਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੀ ਇਕਜੁਟਤਾ ਅਪਣੇ ਆਪ ਆਕਾਰ ਲੈ ਲਵੇਗੀ। ਉਨ੍ਹਾਂ ਦਸਿਆ ਕਿ ਪ੍ਰਧਾਂਲ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਮਾਮਲਿਆਂ ਨੁੂੰ ਵੇਖਣਗੇ। ਇਸ ਤੋਂ ਪਹਿਲਾਂ ਉਨ੍ਹਾਂ ਕਾਂਗਰਸ ਆਗੂ ਕਮਲਨਾਥ ਅਤੇ ਆਨੰਦ ਸ਼ਰਮਾ ਨਾਲ ਮੁਲਾਕਾਤ ਕੀਤੀ ਸੀ। ਉਹ ਬੁਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰ ਸਕਦੀ ਹੈ। ਉਹ ਪੰਜ ਦਿਨਾ ਦੌਰੇ ਤਹਿਤ ਦਿੱਲੀ ਪੁੱਜੇ ਹਨ। ਤੀਜੀ ਵਾਰ ਮੁੱਖ ਮੰਤਰੀ ਬਣਨ ਮਗਰੋਂ ਉਨ੍ਹਾਂ ਦਾ ਇਹ ਪਹਿਲਾ ਦਿੱਲੀ ਦੌਰਾ ਹੈ। ਸੂਤਰਾਂ ਮੁਤਾਬਕ ਉਹ ਬੁਧਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰੇਗੀ। ਉਹ ਸੰਸਦ ਵਿਚ ਵੀ ਜਾ ਸਕਦੀ ਹੈ ਜਿਥੇ ਮਾਨਸੂਨ ਇਜਲਾਸ ਚੱਲ ਰਿਹਾ ਹੈ।