ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਮੋਹਲੇਧਾਰ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਵਿਚ ਘੱਟੋ ਘੱਟ ਸੱਤ ਜਣਿਆ ਦੀ ਮੌਤ ਹੋਣ ਦਾ ਖ਼ਦਸ਼ਾ ਹੈ ਅਤੇ ਨੌਂ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਆਫ਼ਤ ਸੰਭਾਲ ਪ੍ਰਬੰਧ ਨਿਰਦੇਸ਼ਕ ਸੁਦੇਸ਼ ਕੁਮਾਰ ਨੇ ਦਸਿਆ ਕਿ ਕੁੱਲੂ ਜ਼ਿਲ੍ਹੇ ਵਿਚ ਚਾਰ ਵਿਅਕਤੀਆਂ ਅਤੇ ਚੰਬਾ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਲਾਹੌਲ ਸਪਿਤੀ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਨੌਂ ਲਾਪਤਾ ਹਨ। ਕੁੱਲੂ ਵਿਚ ਮਣੀਕਰਨ ਲਾਗੇ ਪਾਰਬਤੀ ਨਦੀ ਦੀ ਸਹਾਇਕ ਨਦੀ ਬ੍ਰਹਮਗੰਗਾ ਵਿਚ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ 25 ਸਾਲਾ ਪੂਨਮ ਅਤੇ ਉਸ ਦਾ ਚਾਰ ਸਾਲਾ ਬੇਟਾ ਨਿਕੁੰਜ ਪਾਣੀ ਵਿਚ ਰੁੜ੍ਹ ਗਏ। ਉਨ੍ਹਾਂ ਦਸਿਆ ਕਿ ਇਕ ਹੋਰ ਔਰਤ ਅਤੇ ਇਕ ਪੁਰਸ਼ ਵੀ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਏ। ਅਧਿਕਾਰੀ ਨੇ ਦਸਿਆ ਕਿ ਲਾਹੌਲ ਦੇ ਉਦੇਪੁਰ ਵਿਚ ਮੰਗਲਵਾਰ ਰਾਤ ਕਰੀਬ ਅੱਠ ਵਜੇ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿਚ ਮਜ਼ਦੂਰਾਂ ਦੇ ਦੋ ਤੰਬੂ ਅਤੇ ਇਕ ਨਿਜੀ ਜੇਸੀਬੀ ਮਸ਼ੀਨ ਰੁੜ੍ਹ ਗਈ। ਹੜ੍ਹਾਂ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਨੌਂ ਮਜ਼ਦੂਰ ਹੁਣ ਵੀ ਲਾਪਤਾ ਹਨ। ਅਧਿਕਾਰੀ ਨੇ ਦਸਿਆ ਕਿ ਰਾਜ ਪੁਲਿਸ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਦੇ ਦਲਾਂ ਨੂੰ ਲਾਪਤਾ ਲੋਕਾਂ ਦੀ ਭਾਲ ਲਈ ਭੇਜਿਆ ਗਿਆ ਪਰ ਪਾਣੀ ਦੇ ਤੇਜ਼ ਵਹਾਅ ਨੇ ਮੰਗਲਵਾਰ ਰਾਤ ਤਲਾਸ਼ੀ ਮੁਹਿੰਮ ਵਿਚ ਅੜਿੱਕਾ ਪਾਇਆ। ਉਨ੍ਹਾਂ ਦਸਿਆ ਕਿ ਤਲਾਸ਼ੀ ਮੁਹਿੰਮ ਬੁਧਵਾਰ ਸਵੇਰੇ ਮੁੜ ਸ਼ੁਰੂ ਕੀਤੀ ਗਈ। ਲਾਹੌਲ ਵਿਚ ਫਸੇ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਚੰਬਾ ਵਿਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹਾ ਵਿਚ ਚਾਣੇਡ ਤਹਿਸੀਲ ਵਿਚ ਜੇਸੀਬੀ ਮਸ਼ੀਨ ਦਾ ਇਕ ਸਹਾਇਕ ਰੁੜ੍ਹ ਗਿਆ।