ਬਾਰਾਬਾਂਕੀ : ਯੂਪੀ ਦੇ ਬਾਰਾਂਬਾਕੀ ਜ਼ਿਲ੍ਹੇ ਦੇ ਰਾਮਸਨੇਹੀਘਾਟ ਖੇਤਰ ਵਿਚ ਇਕ ਟਰੱਕ ਦੇ ਸੜਕ ਕੰਢੇ ਖੜੀ ਬੱਸ ਨਾਲ ਟਕਰਾਅ ਜਾਣ ਕਾਰਨ 18 ਯਾਤਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਲਖਨਊ ਖੇਤਰ ਦੇ ਪੁਲਿਸ ਮੁਖੀ ਐਸ ਐਨ ਸਾਬਤ ਨੇ ਦਸਿਆ ਕਿ ਪੰਜਾਬ ਦੇ ਲੁਧਿਆਣਾ ਤੋਂ ਬਿਹਾਰ ਜਾ ਰਹੀ ਨਿਜੀ ਡਬਲ ਡੈਕਰ ਬੱਸ 27-28 ਜੁਲਾਈ ਦੀ ਦਰਮਿਆਨੀ ਰਾਤ ਕਲਿਆਣੀ ਨਦੀ ਲਾਗੇ ਐਕਸਲ ਟੁੱਟ ਜਾਣ ਕਾਰਨ ਸੜਕ ਕੰਢੇ ਖੜੀ ਸੀ। ਬੱਸ ਠੀਕ ਹੋਣ ਵਿਚ ਦੇਰ ਲੱਗਣ ਕਾਰਨ ਯਾਤਰੀ ਜਿਹੜੇ ਜ਼ਿਆਦਾਤਰ ਮਜ਼ਦੂਰ ਸਨ, ਬਾਹਰ ਨਿਕਲ ਆਏ ਸਨ ਅਤੇ ਕੁਝ ਲੋਕ ਬੱਸ ਦੇ ਅੱਗੇ ਸੜਕ ’ਤੇ ਪੈ ਗਏ ਸਨ। ਉਸ ਸਮੇਂ ਰਾਤ ਕਰੀਬੀ 12 ਵਜੇ ਪੰਜਾਬ ਤੋਂ ਬਿਹਾਰ ਜਾ ਰਿਹਾ ਨਾਗਾਲੈਂਡ ਦਾ ਇਕ ਟਰੱਕ ਬੇਕਾਬੂ ਹੋ ਕੇ ਬੱਸ ਨਾਲ ਜਾ ਟਕਰਾਇਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿਚ ਬੱਸ ਵਿਚ ਸਵਾਰ 18 ਜਣਿਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਬਿਹਾਰ ਦੇ ਸੁਰੇਸ਼ ਯਾਦਵ, ਇੰਦਲ ਮਹਿਤੋ, ਸਿਕੰਦਰ ਮੁਖੀਆ, ਸੋਨੂ ਸਾਹਨੀ, ਜਗਦੀਸ਼ ਸਾਹਨੀ, ਜੈ ਬਹਾਦਰ, ਬੈਜਨਾਥ ਰਾਮ, ਬਲਰਾਮ ਮੰਡਲ, ਸੰਤੋਸ਼ ਸਿੰਘ, ਬੜੂਆ, ਨਰੇਸ਼ ਅਤੇ ਅਖਿਲੇਸ਼ ਮੁਖੀਆ ਵਜੋਂ ਹੋਈ ਹੈ। ਬੱਸ ਵਿਚ ਸਵਾਰ ਜ਼ਿਆਦਾਤਰ ਸਵਾਰੀਆਂ ਬਿਹਾਰ ਦੇ ਵਾਸੀ ਸਨ। ਸਾਬਤ ਨੇ ਦਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਲਈ ਭੇਜਿਆÇ ਗਆ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀਆਂ ਵਿਚੋਂ ਅੱਠ ਦੀ ਹਾਲਤ ਗੰਭੀਰ ਸੀ, ਇਸ ਲਈ ਉਨ੍ਹਾਂ ਨੂੰ ਇਲਾਜ ਲਈ ਲਖਨਊ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ।