ਨਵੀਂ ਦਿੱਲੀ : ਪ੍ਰਮੁੱਖ ਵਿਰੋਧੀ ਧਿਰਾਂ ਦੇ ਆਗੂਆਂ ਦੀ ਬੈਠਕ ਦੇ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਪੇਗਾਸਸ ਸਪਾਈਵੇਅਰ ਦੀ ਵਰਤੋਂ ਕਰਕੇ ਲੋਕਤੰਤਰ ਦੀ ਆਤਮਾ ’ਤੇ ਚੋਟ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਮਾਮਲੇ ’ਤੇ ਸੰਸਦ ਵਿਚ ਚਰਚਾ ਹੋਣੀ ਚਾਹੀਦੀ ਹੈ। ਪ੍ਰਮੁੱਖ ਵਿਰੋਧੀ ਧਿਰਾਂ ਦੇ ਆਗੂਆਂ ਦੀ ਮੌਜੂਦਗੀ ਵਿਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਦਾਅਵਾ ਵੀ ਕੀਤਾ ਕਿ ਸਰਕਾਰ ਨੇ ਪੇਗਾਸਸ ’ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਕਿਹਾ, ‘ਸਾਡੀ ਆਵਾਜ਼ ਨੂੰ ਸੰਸਦ ਵਿਚ ਦਬਾਇਆ ਜਾ ਰਿਹਾ ਹੈ। ਸਾਡਾ ਸਿਰਫ਼ ਇਹੋ ਸਵਾਲ ਹੈ ਕਿ ਕੀ ਭਾਰਤ ਸਰਕਾਰ ਨੇ ਪੇਗਾਸਸ ਨੂੰ ਖ਼ਰੀਦਿਆ? ਹਾਂ ਜਾਂ ਨਾ। ਕੀ ਸਰਕਾਰ ਨੇ ਅਪਣੀ ਹੀ ਲੋਕਾਂ ’ਤੇ ਪੇਗਾਸਸ ਹਥਿਆਰ ਦੀ ਵਰਤੋਂ ਕੀਤੀ? ਹਾਂ ਜਾਂ ਨਾ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਆਗੂਆਂ, ਸਮਾਜਕ ਕਾਰਕੁਨਾਂ, ਪੱਤਰਕਾਰਾਂ ਅਤੇ ਜਮਹੂਰੀ ਸੰਸਥਾਵਾਂ ਵਿਰੁਧ ਪੇਗਾਸਸ ਰੂਪੀ ਹਥਿਆਰ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਕਿਹਾ ਜਾ ਰਿਹਾ ਹੈ ਕਿ ਅਸੀਂ ਸੰਸਦ ਦੀ ਕਾਰਵਾਈ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ। ਅਸੀਂ ਸੰਸਦ ਦੀ ਕਾਰਵਾਈ ਵਿਚ ਅੜਿੱਕਾ ਨਹੀਂ ਪਾ ਰਹੇ। ਅਸੀਂ ਸਿਰਫ਼ ਵਿਰੋਧੀ ਧਿਰ ਦੇ ਰੂਪ ਵਿਚ ਅਪਣੀ ਜ਼ਿੰਮੇਵਾਰੀ ਪੂਰਾ ਕਰਨਾ ਚਾਹ ਰਹੇ ਹਨ। ਇਸ ਹਥਿਆਰ ਦੀ ਵਰਤੋਂ ਦੇਸ਼ ਦੇ ਖ਼ਿਲਾਫ਼ ਕੀਤੀ ਗਈ ਹੈ। ਰਾਹੁਲ ਨੇ ਸਵਾਲ ਕੀਤਾ, ‘ਇਸ ਹਥਿਆਰਾਂ ਦੀ ਵਰਤੋਂ ਅਤਿਵਾਦੀਆਂ ਵਿਰੁਧ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕੋਲੋਂ ਪੁਛਣਾ ਚਾਹੁੰਦੇ ਹਾਂ ਕਿ ਇਸ ਦੀ ਵਰਤੋਂ ਜਮਹੂਰੀ ਸੰਸਥਾਵਾਂ ਵਿਰੁਧ ਕਿਉਂ ਕੀਤੀ ਗਈ?