ਨਵੀਂ ਦਿੱਲੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿਚ ਰਾਹੁਲ ਗਾਂਧੀ ਵੀ ਮੌਜੂਦ ਸਨ। ਸੋਨੀਆ ਨਾਲ ਮੁਲਾਕਾਤ ਮਗਰੋਂ ਮਮਤਾ ਨੇ ਕਿਹਾ,‘ ਕਾਂਗਰਸ ਪ੍ਰਧਾਨ ਨੇ ਮੈਨੂੰ ਚਾਹ ’ਤੇ ਬੁਲਾਇਆ ਸੀ, ਰਾਹੁਲ ਜੀ ਵੀ ਉਥੇ ਮੌਜੂਦ ਸਨ। ਅਸੀਂ ਰਾਜਸੀ ਹਾਲਤਾਂ, ਪੇਗਾਸਸ ਅਤੇ ਕੋਰੋਨਾ ਦੀ ਸਥਿਤੀ ਅਤੇ ਵਿਰੋਧੀ ਧਿਰ ਦੀ ਏਕਤਾ ’ਤੇ ਚਰਚਾ ਕੀਤੀ। ਇਹ ਬਹੁਤ ਚੰਗੀ ਮੁਲਾਕਾਤ ਸੀ। ਮੈਨੂੰ ਲਗਦਾ ਹੈ ਕਿ ਭਵਿੱਖ ਵਿਚ ਇਸ ਦੇ ਹਾਂਪੱਖੀ ਨਤੀਜੇ ਸਾਹਮਣੇ ਆਉਣਗੇ।’ ਵਿਰੋਧੀ ਧਿਰ ਦੀ ਏਕਤਾ ਦੇ ਸਵਾਲ ’ਤੇ ਮਮਤਾ ਨੇ ਕਿਹਾ ਕਿ ਸੋਨੀਆ ਗਾਂਧੀ ਵੀ ਵਿਰੋਧੀ ਗਠਜੋੜ ਨੂੰ ਮਜ਼ਬੁਤ ਵੇਖਣਾ ਚਾਹੁੰਦੀ ਹੈ। ਇਸ ਲਈ ਕਾਂਗਰਸ ਨੂੰ ਖੇਤਰੀ ਦਲਾਂ ’ਤੇ ਅਤੇ ਖੇਤਰੀ ਦਲਾਂ ਨੂੰ ਕਾਂਗਰਸ ’ਤੇ ਭਰੋਸਾ ਕਰਨਾ ਪਵੇਗਾ। ਮਮਤਾ ਬੈਨਰਜੀ ਨੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਕਿਹਾ, ‘ਭਾਜਪਾ ਮਜ਼ਬੂਤ ਪਾਰਟੀ ਹੈ। ਵਿਰੋਧੀ ਧਿਰ ਉਸ ਨਾਲੋਂ ਜ਼ਿਆਦਾ ਮਜ਼ਬੂਤ ਹੋਵੇਗੀ। ਉਮੀਦ ਹੈ ਕਿ 2024 ਵਿਚ ਵਿਰੋਧੀ ਧਿਰ ਇਤਿਹਾਸ ਰਚੇਗੀ।’ ਮਮਤਾ ਨੇ ਕਿਹਾ, ‘ਭਾਜਪਾ ਨੂੰ ਹਰਾਉਣ ਲਈ ਸਾਰਿਆਂ ਦਾ ਸਾਥ ਆਉਣਾ ਜ਼ਰੂਰੀ ਹੈ। ਮੈਂ ਇਕੱਲੇ ਕੁਝ ਨਹੀਂ ਕਰ ਸਕਦੀ। ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਮੈਂ ਕੋਈ ਜੋਤਸ਼ੀ ਨਹੀਂ ਹਾਂ। ਮੈਂ ਕੋਈ ਚਿਹਰਾ ਵੀ ਨਹੀਂ ਥੋਪਣਾ ਚਾਹੁੰਦੀ। ਇਹ ਉਸ ਸਮੇਂ ਦੀ ਹਾਲਤ ’ਤੇ ਨਿਰਭਰ ਕਰੇਗਾ।’