ਨਵੀਂ ਦਿੱਲੀ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਅਮਰੀਕੀ ਹਮਅਹੁਦਾ ਐਂਟਨੀ ਬਿਲੰਕਨ ਨੇ ਵੱਖ ਵੱਖ ਵਿਸ਼ਿਆਂ ’ਤੇ ਵਿਆਪਕ ਗੱਲਬਾਤ ਸ਼ੁਰੂ ਕੀਤੀ। ਗੱਲਬਾਤ ਦੇ ਏਜੰਡੇ ਵਿਚ ਅਫ਼ਗ਼ਾਨਿਸਤਾਨ ਵਿਚ ਤੇਜ਼ੀ ਨਾਲ ਬਦਲ ਰਹੇ ਸੁਰੱਖਿਆ ਦ੍ਰਿਸ਼, ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਈਵਾਲੀ ਵਧਾਉਣ, ਕੋਵਿਡ-19 ਨਾਲ ਨਿਪਟਣ ਦੇ ਯਤਨਾਂ ਵਿਚ ਸਹਿਯੋਗ ਸਮੇਤ ਹੋਰ ਵਿਸ਼ੇ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੋਹਾਂ ਆਗੂਆਂ ਨਾਲ ਤਸਵੀਰ ਵਿਚ ਟਵੀਟ ਕੀਤਾ, ‘ਵੱਖ ਵੱਖ ਖੇਤਰਾਂ ਵਿਚ ਵਿਆਪਕ ਰਣਨੀਤਕ ਭਾਈਵਾਲੀ ਸ਼ਾਮਲ ਹੈ। ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਦਾ ਸਵਾਗਤ ਕੀਤਾ।’ ਜੈਸ਼ੰਕਰ ਨਾਲ ਗੱਲਬਾਤ ਤੋਂ ਪਹਿਲਾਂ ਬਿਲੰਕਨ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਦੁਵੱਲੇ ਅਤੇ ਖੇਤਰੀ ਮੁੱਦਿਆਂ ਸਮੇਤ ਅਫ਼ਗ਼ਾਨਿਸਤਾਨ ਵਿਚ ਸੁਰੱਖਿਆ ਸਥਿਤੀ ’ਤੇ ਗੱਲਬਾਤ ਕੀਤੀ। ਬਿਲੰਕਨ ਨੇ ਸਿਵਲ ਸੁਸਾਇਟੀ ਦੇ ਪ੍ਰਤੀਨਿਧਾਂ ਨਾਲ ਵੀ ਬੈਠਕ ਕੀਤੀ। ਬੈਠਕ ਦੇ ਬਾਅਦ ਬਿਲੰਕਨ ਨੇ ਟਵਿਟਰ ’ਤੇ ਕਿਹਾ ਕਿ ਅਮਰੀਕਾ ਅਤੇ ਭਾਰਤ ਜਮਹੂਰੀ ਮੁੱਲਾਂ ਪ੍ਰਤੀ ਪ੍ਰਤੀਬੱਧਤਾ ਪ੍ਰਗਟ ਕਰਦੇ ਹਾਂ। ਅਮਰੀਕੀ ਵਿਦੇਸ਼ੀ ਮੰਤਰੀ ਨੇ ਕਿਹਾ, ‘ਮੈਨੂੰ ਅੱਜ ਸਿਵਲ ਸੁੁਸਾਇਟੀ ਦੇ ਪ੍ਰਤੀਨਿਧਾਂ ਨੂੰ ਮਿਲ ਕੇ ਖ਼ੁਸ਼ੀ ਹੋਈ। ਅਮਰੀਕਾ ਅਤੇ ਭਾਰਤ ਜਮਹੂਰੀ ਮੁੱਲਾਂ ਪ੍ਰਤੀ ਪ੍ਰਤੀਬੱਧਤਾ ਸਾਂਝੀ ਕਰਦੇ ਹਾਂ। ਇਹ ਸਾਡੇ ਸਬੰਧਾਂ ਦੀ ਬੁਨਿਆਦ ਦਾ ਹਿੱਸਾ ਹੈ ਅਤੇ ਭਾਰਤ ਦੇ ਵੰਨ-ਸੁਵੰਨੇ ਸਮਾਜ ਅਤੇ ਸਾਂਝੀਵਾਲਤਾ ਦੇ ਇਤਿਹਾਸ ਨੂੰ ਦਰਸਾੳਂੁਦਾ ਹੈ। ਨਾਗਰਿਕ ਸੰਸਥਾਵਾਂ ਇਨ੍ਹਾਂ ਮੁੱਲਾਂ ਨੂੰ ਹੱਲਾਸ਼ੇਰੀ ਦੇਣ ਵਿਚ ਮਦਦ ਕਰਦੀਆਂ ਹਨ।’