ਨਵੀਂ ਦਿੱਲੀ : ਦੇਸ਼ ਭਰ ਵਿਚ ਭਾਰੀ ਮੀਂਹ ਨਾਲ ਹੋਣ ਵਾਲੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਿਮਾਚਲ, ਜੰਮੂ ਕਸ਼ਮੀਰ ਤੋਂ ਬੁਧਵਾਰ ਨੂੰ ਡਰਾਉਣ ਵਾਲੇ ਤਿੰਨ ਮੰਜ਼ਰ ਸਾਹਮਣੇ ਆਏ। ਇਥੇ ਬੱਦਲ ਫਟਣ ਨਾਲ 13 ਜਣਿਆਂ ਦੀ ਮੌਤ ਹੋ ਗਈ ਅਤੇ 40 ਲਾਪਤਾ ਹਨ। ਬੀਤੇ ਇਕ ਹਫ਼ਤੇ ਦੀ ਗੱਲ ਕਰੀਏ ਤਾਂ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਬੱਦਲ/ਢਿੱਗਾਂ ਡਿੱਗਣ ਨਾਲ ਵਾਪਰੇ ਹਾਦਸਿਆਂ ਵਿਚ 122 ਲੋਕਾਂ ਦੀ ਜਾਨ ਗਈ ਹੈ। ਜੰਮੂ ਕਸ਼ਮੀਰ ਵਿਚ ਕਿਸ਼ਤਵਾੜ ਦੇ ਹੋਂਜਰ ਡੱਚਨ ਪਿੰਡ ਵਿਚ ਬੱਦਲ ਫਟਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ। ਹੁਣ ਤਕ 17 ਜਣਿਆਂ ਨੂੰ ਬਚਾਇਆ ਜਾ ਚੁਕਾ ਹੈ। 30 ਤੋਂ 40 ਲੋਕ ਹਾਲੇ ਵੀ ਲਾਪਤਾ ਹਨ। ਖ਼ਰਾਬ ਮੌਸਮ ਕਾਰਨ ਬਚਾਅ ਲਈ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੂੰ ਮੌਕੇ ’ਤੇ ਪਹੁੰਚਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਖ਼ਮੀਆਂ ਨੂੰ ਏਅਰਲਿਫ਼ਟ ਕਰਨ ਲਈ ਏਅਰਫ਼ੋਰਸ ਦੀ ਵੀ ਮਦਦ ਲਈ ਜਾ ਰਹੀ ਹੈ। ਅਮਰਨਾਥ ਗੁਫ਼ਾ ਲਾਗੇ ਬੁਧਵਾ ਸ਼ਾਮ ਨੂੰ ਬੱਦਲ ਫਟਿਆ ਹੈ। ਇਸ ਤੋਂ ਭਾਰੀ ਤਬਾਹੀ ਹੋਈ ਹੈ। ਬੀਐਸਐਫ਼, ਸੀਆਰਪੀਐਫ਼ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਕੈਂਪਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਹਾਲੇ ਤਕ ਕਿਸੇ ਦੀ ਜਾਨ ਜਾਣ ਦੀ ਖ਼ਬਰ ਨਹੀਂ ਹੈ। ਇਸ ਸਾਲ ਕੋਰੋਨਾ ਕਾਰਨ ਅਮਰਨਾਥ ਯਾਤਰਾ ਰੱਦ ਹੈ, ਇਸ ਕਾਰਨ ਗੁਫ਼ਾ ਲਾਗੇ ਆਮ ਲੋਕਾਂ ਦੀ ਮੌਜੂਦਗੀ ਨਹੀਂ ਸੀ। ਹਿਮਾਚਲ ਵਿਚ ਵੱਖ ਵੱਖ ਥਾਈਂ ਅੱਜ ਮੀਂਹ ਕਾਰਨ ਆਏ ਹੜ੍ਹਾਂ ਦੀ ਲਪੇਟ ਵਿਚ ਆ ਕੇ ਕਈ ਵਿਅਕਤੀਆਂ ਦੀ ਜਾਨ ਚਲੀ ਗਈ।