ਦੇਹਰਾਦੂਨ : ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਮਾਮਲੇ ਕਾਰਨ ਗੁਰਦਵਾਰਾ ਸ੍ਰੀ ਨਾਨਕਮੱਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅਸਤੀਫ਼ਾ ਦੇ ਦਿਤਾ ਹੈ। ਹੁਣ ਗੁਰਦਵਾਰੇ ਦੇ ਪ੍ਰਬੰਧਾਂ ਲਈ ਪੰਜ ਮੈਂਬਰੀ ਕਮੇਟੀ ਬਣਾ ਦਿਤੀ ਗਈ ਹੈ। ਦਰਅਸਲ, ਪੁਸ਼ਕਰ ਸਿੰਘ ਧਾਮੀ 24 ਜੁਲਾਈ ਨੂੰ ਗੁਰਦਵਾਰਾ ਸ੍ਰੀ ਨਾਨਕਮੱਤਾ ਸਾਹਿਬ ਪਹੁੰਚੇ ਸਨ ਅਤੇ ਉਨ੍ਹਾਂ ਦੇ ਸਵਾਗਤ ਦੌਰਾਨ ਡਾਂਸ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਨੂੰ ਤੁਰੰਤ ਹੀ ਰੁਕਵਾ ਦਿਤਾ ਗਿਾ ਪਰ ਇਸ ਦੀ ਵੀਡੀਉ ਫੈਲ ਗਈ। ਡਾਂਸ ਪ੍ਰੋਗਰਾਮ ਨੂੰ ਧਾਰਮਕ ਜ਼ਾਬਤੇ ਦੀ ਉਲੰਘਣਾ ਮੰਨਿਆ ਗਿਆ ਹੈ। ਮੁੱਖ ਮੰਤਰੀ ਗੁਰਦਵਾਰੇ ਵਿਚ ਮੱਥਾ ਟੇਕਣ ਪਹੁੰਚੇ ਸਨ। ਇਸ ਦੌਰਾਨ ਸੂਚਨਾ ਅਤੇ ਸਭਿਆਚਾਰ ਵਿਭਾਗ ਨੇ ਮੁੱਖ ਮੰਤਰੀ ਦੇ ਸਵਾਗਤ ਲਈ ਪ੍ਰੋਗਰਾਮ ਕੀਤਾ ਸੀ ਪਰ ਮੁੱਖ ਮੰਤਰੀ ਦੀ ਆਮਦ ’ਤੇ ਪ੍ਰੋਗਰਾਮ ਟਿਨਸ਼ੇਡ ਦੇ ਹੇਠਾਂ ਸ਼ੁਰੂ ਹੋ ਗਿਆ ਜਿਸ ਨੂੰ ਸੇਵਾਦਾਰਾਂ ਨੇ ਤੁਰੰਤ ਬੰਦ ਕਰਵਾ ਦਿਤਾ। ਪਰ ਕਿਸੇ ਨੇ ਵੀਡੀਉ ਬਣਾ ਕੇ ਫੈਲਾ ਦਿਤੀ। ਇਸ ਤੋਂ ਬਾਅਦ ਪ੍ਰਬੰਧਕ ਕਮੇਟੀ ’ਤੇ ਸਵਾਲ ਖੜੇ ਹੋਣ ਲੱਗੇ ਜਿਸ ਦੇ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਾਂਚ ਦੇ ਹੁਕਮ ਦਿਤੇ ਅਤੇ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਅਸਤੀਫ਼ਾ ਦੇ ਦਿਤਾ। ਕਮੇਅੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਯਾਤਰਾ ਦੌਰਾਨ ਧਾਰਮਕ ਮਰਿਯਾਦਾ ਦੀ ਉਲੰਘਣਾ ਹੋਈ ਸੀ। ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਗੁਰਦਵਾਰੇ ਦੀ ਅਪਣੀ ਮਰਿਯਾਦਾ ਹੁੰਦੀ ਹੈ ਜਿਸ ਦੀ ਉਲੰਘਣਾ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ।