ਟੋਕੀਉ : ਆਖ਼ਰੀ ਦੋ ਮਿੰਟਾਂ ਵਿਚ ਦੋ ਗੋਲ ਕਰਨ ਵਾਲੀ ਭਾਰਤੀ ਟੀਮ ਨੇ ਰੀਉ ਉਲੰਪਿਕ ਚਾਂਦੀ ਤਮਗ਼ਾ ਜੇਤੂ ਅਰਜਨਟੀਨਾ ਨੂੰ 3.1 ਨਾਲ ਹਰਾ ਕੇ ਟੋਕੀਉ ਉਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ ਦੇ ਕੁਆਰਟਰ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ। ਪਿਛਲੇ ਮੈਚ ਵਿਚ ਸਪੇਨ ਨੂੰ ਹਰਾਉਣ ਦੇ ਬਾਅਦ ਭਾਰਤੀ ਟੀਮ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਜਾਰੀ ਰਖਦਿਆਂ ਇਹ ਅਹਿਮ ਮੁਕਾਬਲਾ ਜਿੱਤਿਆ। ਅਪਣਾ ਪਹਿਲਾ ਉਲੰਪਿਕ ਖੇਡ ਰਹੀ ਭਾਰਤ ਦੀ ਯੁਵਾ ਬ੍ਰਿਗੇਡ ਨੇ ਇਸ ਜਿੱਤ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਈ ਅਤੇ ਭਾਰਤ ਨੂੰ ਹਾਕੀ ਵਿਚ ਚਾਰ ਦਹਾਕਿਆਂ ਮਗਰੋਂ ਉਲੰਪਿਕ ਤਮਗ਼ਾ ਜਿੱਤਣ ਦੇ ਹੋਰ ਨੇੜੇ ਪਹੁੰਚਾ ਦਿਤਾ। ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿਚ ਗੋਲ ਦਾਗ਼ੇ। ਅਰਜਨਟੀਨਾ ਨੇ 48ਵੇਂ ਮਿੰਟ ਵਿਚ ਮਾਈਕੋ ਕੇਸੇਲਾ ਦੇ ਗੋਲ ਦੇ ਦਮ ’ਤੇ ਬਰਾਬਰੀ ਕੀਤੀ ਅਤੇ 58ਵੇਂ ਮਿੰਟ ਤਕ ਸਕੋਰ ਬਰਾਬਰ ਸੀ। ਇਸ ਦੇ ਬਾਅਦ ਭਾਰਤ ਨੇ ਦੋ ਮਿੰਟਾਂ ਦੇ ਅੰਤਰਾਲ ਵਿਚ ਦੋ ਗੋਲ ਦਾਗ਼ ਕੇ ਸਾਬਤ ਕਰ ਦਿਤਾ ਕਿ ਇਹ ਟੀਮ ਫ਼ੈਸਲਾਕੁਨ ਮੌਕਿਆਂ ’ਤੇ ਦਬਾਅ ਅੱਗੇ ਝੁਕਣ ਵਾਲੀ ਨਹੀਂ ਹੈ। ਭਾਰਤ ਪੂਲ ਏ ਵਿਚ ਆਸਟਰੇਲੀਆ ਦੇ ਬਾਅਦ ਦੂਜੇ ਸਥਾਨ ’ਤੇ ਹੈ। ਭਾਰਤ ਨੇ ਹੁਣ 30 ਜੁਲਾਈ ਨੂੰ ਆਖ਼ਰੀ ਪੂਲ ਮੈਚ ਵਿਚ ਮੇਜ਼ਬਾਨ ਜਾਪਾਨ ਨਾਲ ਖੇਡਣਾ ਹੈ। ਨਿਊਜ਼ੀਲੈਂਡ ਵਿਰੁਧ 3-2 ਦੀ ਸੰਘਰਸ਼ਮਈ ਜਿੱਤ ਦੇ ਬਾਅਦ ਭਾਰਤੀਆਂ ਨੂੰ ਆਸਟਰੇਲੀਆ ਦੇ ਹੱਥੀਂ 1-7 ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਨਪ੍ਰੀਤ ਸਿੰਘ ਦੀ ਟੀਮ ਹਾਲਾਂਕਿ ਸਪੇਨ ’ਤੇ 3-0 ਦੀ ਜਿੱਤ ਨਾਲ ਵਾਪਸੀ ਕਰਨ ਵਿਚ ਸਫ਼ਲ ਰਹੀ।