ਟੋਕੀਉ : ਜਾਪਾਨੀ ਅਧਿਕਾਰੀਆਂ ਨੇ ਟੋਕੀਉ ਵਿਚ ਲਗਾਤਾਰ ਦੂਜੇ ਦਿਨ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਰੀਕਾਰਡ ਵਾਧੇ ਦੇ ਬਾਅਦ ਚੇਤਾਵਨੀ ਦਿਤੀ ਹੈ। ਮੁੱਖ ਕੈਬਨਿਟ ਸਕੱਤਰ ਕਾਤਸੂਨੋਬੂ ਕਾਤੋ ਨੇ ਕਿਹਾ, ‘ਅਸੀਂ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਏਨਾ ਵਾਧਾ ਪਹਿਲਾਂ ਕਦੇ ਨਹੀਂ ਵੇਖਿਆ।’ ਉਨ੍ਹਾਂ ਕਿਹਾ ਕਿ ਨਵੇਂ ਮਾਮਲੇ ਟੋਕੀਉ ਵਿਚ ਹੀ ਨਹੀਂ ਸਗੋਂ ਪੂਰੇ ਜਾਪਾਨ ਵਿਚ ਵਧ ਰਹੇ ਹਨ। ਟੋਕੀਉ ਵਿਚ ਕਲ 3177 ਨਵੇਂ ਮਾਮਲੇ ਸਾਹਮਣੇ ਆਏ ਸਨ। ਸਰਕਾਰ ਦੇ ਸਿਖਰਲੇ ਮੈਡੀਕਲ ਸਲਾਹਕਾਰ ਡਾਕਟਰ ਸ਼ਿਗੇਰੂ ਓਮੀ ਨੇ ਕਿਹਾ, ‘ਲਾਗ ਦਰ ਘੱਟ ਨਹੀਂ ਹੋ ਰਹੀ। ਕਈ ਕਾਰਨਾਂ ਕਰਕੇ ਵਧ ਰਹੀ ਹੈ। ਸਭ ਤੋਂ ਵੱਡਾ ਜੋਖਮ ਤਾਂ ਇਹ ਹੈ ਕਿ ਇਸ ਨੂੰ ਸੰਕਟ ਮੰਨ ਹੀ ਨਹੀਂ ਰਹੇ ਹਾਂ ਜਿਸ ਕਾਰਨ ਲਾਗ ਵਧਦੀ ਜਾ ਰਹੀ ਹੈ। ਇਸ ਨਾਲ ਇਲਾਜ ਤੰਤਰ ਦਬਾਅ ਹੇਠ ਆ ਗਿਆ ਹੈ।’ ਟੋਕੀਉ ਵਿਚ 12 ਜੁਲਾਈ ਤੋਂ ਚੌਥੀ ਐਮਰਜੈਂਸੀ ਲਾਗੂ ਹੈ। ਘਰਾਂ ਵਿਚ ਰਹਿਣ ਦੀ ਬੇਨਤੀ ਦੇ ਬਾਵਜੂਦ ਲੋਕ ਸੜਕਾਂ ’ਤੇ ਘੁੰਮ ਰਹੇ ਹਨ। ਟੋਕੀਉ ਵਿਚ ਡੈਲਟਾ ਵੇਰੀਅੰਟ ਨਾਲ ਮਾਮਲੇ ਵਧੇ ਹਨ ਪਰ ਇਸ ਦੇ ਕੋਈ ਸਬੂਤ ਨਹੀ ਹਨ ਕਿ ਇਸ ਦਾ ਪਸਾਰ ਉਲੰਪਿਕ ਖਿਡਾਰੀਆਂ ਤੋਂ ਜਾਪਾਨ ਦੇ ਲੋਕਾਂ ਵਿਚ ਹੋਇਆ ਹੈ। ਦੋ ਵਿਦੇਸ਼ੀ ਖਿਡਾਰੀ ਹਸਪਤਾਲ ਵਿਚ ਹਨ ਅਤੇ 38 ਹੋਰ ਹੋਟਲ ਵਿਚ ਇਕਾਂਤਵਾਸ ਹਨ। ਜਾਪਾਨ ਵਿਚ 9500 ਤੋਂ ਵੱਧ ਮਾਮਲੇ ਆਏ ਹਨ ਜੋ ਨਵਾਂ ਰੀਕਾਰਡ ਹੈ। ਬੁਧਵਾਰ ਨੂੰ ਪੀੜਤਾਂ ਦੀ ਗਿਣਤੀ 892000 ਸੀ ਅਤੇ 15000 ਮੌਤਾਂ ਹੋ ਚੁਕੀਆਂ ਹਨ।