ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸ ਨੇ ਭਵਨ ਨਿਰਮਾਤਾ ਕੰਪਨੀ ਯੂਨੀਟੈਕ ਸਮੂਹ ਅਤੇ ਇਸ ਦੇ ਪ੍ਰੋਮੋਟਰਾਂ ਸੰਜੇ ਚੰਦਰਾ ਅਤੇ ਅਜੇ ਚੰਦਰਾ ਵਿਰੁਧ ਕਾਲੇ ਧਨ ਦੀ ਜਾਂਚ ਦੇ ਸਿਲਸਿਲੇ ਵਿਚ ਲੰਦਨ ਸਥਿਤ 58.61 ਕਰੋੜ ਰੁਪਏ ਮੁੱਲ ਦਾ ਇਕ ਹੋਟਲ ਕੁਰਕ ਕੀਤਾ ਹੈ। ਬੈੱਡ ਐਂਡ ਬ੍ਰੇਕਫ਼ਾਸਟ’ ਨਾਮ ਦੇ ਇਸ ਹੋਟਲ ਦੀ ਮਾਲਕੀ ਇਬਾਨਸ਼ੋਰਨ ਲਿਮਟਿਡ ਨਾਮ ਦੀ ਕੰਪਨੀ ਕੋਲ ਹੈ ਜੋ ਕਾਰ ਕਾਰਨਾਸਤੀ ਸਮੂਹ ਦੀ ਬ੍ਰਿਟੇਨ ਸਥਿਤ ਸਹਾਇਕ ਕੰਪਨੀ ਹੈ। ਈਡੀ ਨੇ ਸੰਪਤੀ ਕੁਰਕ ਕਰਨ ਲਈ ਕਾਲਾ ਧਨ ਰੋਕਥਾਮ ਕਾਨੂੰਨ ਤਹਿਤ ਅਸਥਾਈ ਹੁਕਮ ਜਾਰੀ ਕੀਤਾ ਸੀ। ਇਹ ਮਾਮਲਾ, ਮਕਾਨ ਖ਼ਰੀਦਦਾਰਾਂ ਦੁਆਰਾ ਯੂਨੀਟੈਕ ਸਮੂਹ ਅਤੇ ਇਸ ਦੇ ਪ੍ਰੋਮੋਟਰਾਂ ਵਿਰੁਧ ਦਿੱਲੀ ਪੁਲਿਸ ਆਰਥਕ ਅਪਰਾਧ ਸ਼ਾਖ਼ਾ ਕੋਲ ਦਰਜ ਕਰਾਈਆਂ ਗਈਆਂ ਸ਼ਿਕਾਇਤਾਂ ’ਤੇ ਆਧਾਰਤ ਹੈ। ੲੰਜੰਸੀ ਨੇ ਇਥੇ ਬਿਆਨ ਵਿਚ ਦਾਅਵਾ ਕੀਤਾ ਕਿ ਮਕਾਨ ਖ਼ਰੀਦਦਾਰਾਂ ਦੇ 325 ਕਰੋੜ ਰੁਪਏ ਕਾਰਨਾਸਤੀ ਸਮੂਹ ਨੂੰ ਭੇਜ ਦਿਤੇ ਗਏ। ਇਨ੍ਹਾਂ ਵਿਚੋਂ 41.3 ਕਰੋੜ ਰੁਪਏ ਕਾਰਨਾਸਤੀ ਸਮੂਹ, ਇੰਡੀਆ ਅਤੇ ਇਨਡੀਜ਼ਾਇਨ ਇੰਟਰਪ੍ਰਾਇਜਜ਼, ਸਾਇਪ੍ਰਸ ਜ਼ਰੀਏ ਬ੍ਰਿਟੇਨ ਭੇਜੇ ਗਏ। ਦੋਸ਼ ਹੈ ਕਿ ਇਨ੍ਹਾਂ ਰੁਪਇਆਂ ਦੀ ਵਰਤੋਂ ਕਾਰਨਾਸਤੀ ਸਮੂਹ ਨਾਲ ਸਬੰਧਤ ਕੰਪਨੀ ਕਾਰਨਾਸਤੀ ਮੈਨੇਜਮੈਂਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਮ ਨਾਲ ਇਬਾਨਸ਼ੋਰਨ ਲਿਮਟਿਡ ਬ੍ਰਿਟੇਨ ਦੇ ਸ਼ੇਅਰ ਖ਼ਰੀਦਣ ਵਿਚ ਕੀਤਾ ਗਿਆ। ਈਡੀ ਨੇ ਯੂਨੀਟੈਕ ਸਮੂਹ ਅਤੇ ਇਸ ਦੇ ਪ੍ਰੋਮੋਟਰਾਂ ਵਿਰੁਧ ਇਸ ਸਾਲ ਦੀ ਸ਼ੁਰੂਆਤ ਵਿਚ ਅਪਰਾਧਕ ਮਾਮਲਾ ਦਰਜ ਕੀਤਾ ਸੀ। ਦਰਅਸਲ, ਕੰਪਨੀ ਅਤੇ ਪ੍ਰੋਮੋਟਰਾਂ ’ਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨਾਜਾਇਜ਼ ਤਰੀਕੇ ਨਾਲ 2000 ਕਰੋੜ ਰੁਪਏ ਸਾਈਪ੍ਰਸ ਅਤੇ ਕੇਮੈਨ ਭੇਜੇ।