ਨਵੀਂ ਦਿੱਲੀ : ਦੇਸ਼ ਦੇ ਕਈ ਰਾਜਾਂ ਵਿਚ ਮਾਨਸੂਨ ਦੇ ਮੀਂਹ ਨੇ ਪਿਛਲੇ 10 ਦਿਨਾਂ ਤੋਂ ਤਬਾਹੀ ਮਚਾਈ ਹੋਈ ਹੈ। ਉਤਰਾਖੰਡ, ਹਿਮਾਚਲ, ਜੰਮੂ ਕਸ਼ਮੀਰ ਅਤੇ ਸਿੱਕਮ ਤੋਂ ਲੈ ਕੇ ਮਹਾਰਾਸ਼ਟਰ ਅਤੇ ਹੁਣ ਬੰਗਾਲ ਵੀ ਇਸ ਦੀ ਲਪੇਟ ਵਿਚ ਆ ਗਿਆ ਹੈ। ਇਨ੍ਹਾਂ ਰਾਜਾਂ ਵਿਚ ਮੀਂਹ ਦੇ ਨਾਲ ਹੀ ਲੈਂਡਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਵਿਚ ਹੁਣ ਤਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਇਕੱਲੇ ਮਹਾਰਾਸ਼ਟਰ ਵਿਚ ਹੀ 150 ਤੋਂ ਵੱਧ ਲੋਕਾਂ ਨੇ ਜਾਨ ਗਵਾ ਲਈ ਹੈ। ਸਿੱਕਮ ਦੇ ਮਮਖੇਲਾ ਵਿਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਦੀ ਘਟਨਾ ਵਾਪਰ ਗਈ ਜਿਸ ਵਿਚ ਸੁਰੰਗ ਵਿਚ ਕੰਮ ਕਰ ਰਹੇ 8 ਮਜ਼ਦੂਰਾਂ ਦੇ ਰੁੜ੍ਹ ਜਾਣ ਦੀ ਖ਼ਬਰ ਹੈ। ਇਕ ਦੀ ਮੌਤ ਹੋ ਚੁਕੀ ਹੈ। ਦਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਸੁਰੰਗ ਦੇ ਆਲੇ ਦੁਆਲੇ ਦੀਆਂ ਚੱਟਾਵਨਾ ਡਿੱਗਣ ਲਗੀਆਂ ਅਤੇ ਮਜ਼ਦੂਰ ਸੁਰੰਗ ਵਿਚ ਫਸ ਗਏ ਸਨ। ਇਸ ਦੌਰਾਨ ਉਥੇ ਬਣਾਇਆ ਗਿਆ ਅਸਥਾਈ ਕੈਂਪ ਰੁੜ੍ਹ ਗਿਆ। ਸਥਾਨਕ ਲੋਕਾਂ ਨੇ 3 ਜਣਿਆਂ ਨੂੰ ਬਚਾਇਆ ਹੈ। ਸਿਰਮੌਰ ’ਚ ਤਾਂ ਪੂਰਾ ਪਹਾੜ ਹੀ ਗ਼ਰਕ ਗਿਆ ਜਿਸ ਕਾਰਨ ਸੈਂਕੜੇ ਲੋਕ ਰਸਤੇ ਵਿਚ ਫਸੇ ਹੋਏ ਹਨ ਅਤੇ ਕਈ ਘੰਟਿਆਂ ਤੋਂ ਲੰਮਾ ਜਾਮ ਲੱਗਾ ਹੋਇਆ ਹੈ। ਮੰਡੀ ਜ਼ਿਲ੍ਹੇ ਵਿਚ ਵੀ ਮੀਂਹ ਨੇ ਕਹਿਰ ਢਾਹਿਆ ਹੈ। ਇਥੇ ਤੇਜ਼ ਹਵਾਵਾਂ ਵੀ ਚਲੀਆਂ ਹਨ। ਜ਼ਿਲ੍ਹੇ ਵਿਚ ਪਾਰਕਿੰਗ ਵਿਚ ਖੜੀਆਂ ਕਾਰਾਂ ਉਤੇ ਸ਼ੈਡ ਡਿੱਗ ਗਿਆ। ਪਾਰਕਿੰਗ ਵਿਚ ਖੜੀਆਂ 12 ਕਾਰਾਂ ਉਤੇ ਛੱਡ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਚਾਰ ਕਾਰਾਂ ਦਾ ਉਪਰੀ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ। ਬਾਕੀਆਂ ਦੇ ਸ਼ੀਸ਼ੇ ਟੁੱਟੇ ਹਨ। ਪਛਮੀ ਬੰਗਾਲ ਵਿਚ ਵੀ ਭਾਰੀ ਮੀਂਹ ਨੇ ਕਹਿਰ ਮਚਾਇਆ ਹੈ। ਇਥੇ ਵੀ ਕਈ ਰਸਤੇ ਬੰਦ ਹੋ ਗਏ ਹਨ।