ਗਾਜ਼ੀਆਬਾਦ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਬ੍ਰਹਮਗੰਗਾ ਨਾਲੇ ਵਿਚ ਅਪਣੇ ਸਾਥੀ ਅਤੇ ਸਾਈਟ ਮਾਲਕ ਨੂੰ ਬਚਾਉਣ ਵਾਲੀ ਵਿਨੀਤਾ ਚੌਧਰੀ ਦੀ ਬਹਾਦਰੀ ਦਾ ਕਿੱਸਾ ਸੁਣ ਕੇ ਗਾਜ਼ੀਆਬਾਦ ਦੇ ਹਰ ਵਾਸੀ ਦੀ ਅੱਖ ਨਮ ਹੋ ਗਈ। ਜਿਉਂ ਹੀ ਵਿਨੀਤਾ ਬਾਰੇ ਪਤਾ ਲੱਗਾ ਤਾਂ ਉਸ ਦੇ ਘਰ ਖੈਰੀਅਤ ਪੁੱਛਣ ਵਾਲਿਆਂ ਦੀ ਭੀੜ ਲੱਗ ਗਈ। ਲੋਕ ਉਸ ਦੀ ਬਹਾਦਰੀ ਦੀ ਸ਼ਲਾਘਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬੱਦਲ ਫਟਣ ਦੀ ਘਟਨਾ ਕਾਰਨ ਮਣੀਕਰਨ ਵਿਚ ਬ੍ਰਹਮਗੰਗਾ ਵਿਚ ਆਏ ਹੜ੍ਹ ਵਿਚ ਚਾਰ ਜਣੇ ਰੁੜ੍ਹ ਗਏ ਸਨ। ਵੀਰਵਾਰ ਨੂੰ ਵੀ ਚਾਰਾਂ ਵਿਚੋਂ ਕਿਸੇ ਦਾ ਪਤਾ ਨਹੀਂ ਲੱਗਾ। ਹਾਲਾਂਕਿ ਹੜ੍ਹ ਵਿਚ ਰੁੜ੍ਹੇ ਲੋਕਾਂ ਦੀ ਭਾਲ ਲਈ ਦਿਨ ਭਰ ਤਲਾਸ਼ੀ ਮੁਹਿੰਮ ਚਲਦੀ ਰਹੀ ਪਰ ਕੋਈ ਕਾਮਯਾਬੀ ਨਹੀਂ ਮਿਲੀ। ਵਿਨੀਤਾ ਦੇ ਪਿਤਾ ਅਤੇ ਪਰਵਾਰ ਦੇ ਜੀਅ ਕੁੱਲੂ ਪਹੁੰਚ ਗਏ ਹਨ। ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਕੋਲੋਂ ਜਾਣਕਾਰੀ ਇਕੱਠੀ ਕੀਤੀ। ਵਿਨੀਤਾ ਨੇ ਜਿਉਂ ਹੀ ਆਲੇ ਦੁਆਲੇ ਪਾਣੀ ਦਾ ਸੈਲਾਬ ਵੇਖਿਆ ਤਾਂ ਉਸ ਨੇ ਹੌਸਲਾ ਨਹੀਂ ਹਾਰਿਆ ਸਗੋਂ ਅਪਣੇ ਸਾਥੀ ਅਤੇ ਸਾਈਟ ਮਾਲਕ ਨੂੰ ਬਚਾਉਣ ਲਈ ਪੂਰਾ ਤਾਣ ਲਾ ਦਿਤਾ ਪਰ ਇਸ ਕੋਸ਼ਿਸ਼ ਵਿਚ ਉਸ ਦੀ ਅਪਣੀ ਜਾਨ ਚਲੇ ਗਈ। ਉਸ ਨੇ ਹੋਰ ਲੋਕਾਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ।