ਨਵੀਂ ਦਿੱਲੀ : ਕਈ ਰਾਜਾਂ ਵਿਚ ਪਿਛਲੇ 24 ਘੰਟਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਸਵੇਰੇ ਪਏ ਮੀਂਹ ਨਾਲ ਮੌਸਮ ਇਕ ਵਾਰ ਫਿਰ ਬਦਲ ਗਿਆ ਹੈ। ਰਾਜਧਾਨੀ ਦੇ ਕਈ ਇਲਾਕਿਆਂ ਵਿਚ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਐਤਵਾਰ ਹੋਣ ਕਾਰਨ ਟਰੈਫ਼ਿਕ ਜਾਮ ਵੀ ਹੋਇਆ। ਮੌਸਮ ਵਿਭਾਗ ਵਿਭਾਗ ਨੇ ਚੇਤਾਵਨੀ ਦਿਤੀ ਹੈ ਕਿ ਯੂਪੀ ਸਮੇਤ ਉਤਰ ਭਾਰਤ ਦੇ ਕੁਝ ਹਿੱਸਿਆਂ ਵਿਚ ਅਗਲੇ ਚਾਰ ਦਿਨ ਭਾਰੀ ਮੀਂਹ ਪੈ ਸਕਦਾ ਹੈ। ਪੂਰਬੀ ਉੱਤਰ ਪ੍ਰਦੇਸ਼ ਵਿਚ ਵੀ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ ਅਤੇ ਅਗਲੇ ਤਿੰਨ ਦਿਨਾਂ ਵਿਚ ਇਥੇ ਭਾਰੀ ਮੀਂਹ ਪਵੇਗਾ। ਇਕ ਤੋਂ ਦੋ ਅਗੱਸਤ ਵਿਚਾਲੇ ਪਛਮੀ ਉਤਰ ਪ੍ਰਦੇਸ਼ ਵਿਚ ਥੋੜੇ ਬਹੁਤੇ ਮੀਂਹ ਨਾਲ ਕਈ ਥਾਵਾਂ ’ਤੇ ਬਹੁਤ ਭਾਰੀ ਮੀਂਹ ਵੀ ਪੈ ਸਕਦਾ ਹੈ। ਵਿਭਾਗ ਨੇ ਕਿਹਾ ਹੈ ਕਿ ਇਕ ਅਗੱਸਤ ਨੂੰ ਜੰਮੂ ਕਸ਼ਮੀਰ, ਇਕ ਅਗੱਸਤ ਨੂੰ ਪੰਜਾਬ ਵਿਚ, ਦੋ ਅਗੱਸਤ ਤਕ ਹਿਮਾਚਲ ਪ੍ਰਦੇਸ਼ ਅਤੇ ਚਾਰ ਅਗੱਸਤ ਤਕ ਉਤਰਾਖੰਡ ਅਤੇ ਹਰਿਆਣਾ ਵਿਚ ਭਾਰੀ ਮੀਂਹ ਪਵੇਗਾ। ਦੇਸ਼ ਦੇ ਪੂਰਬੀ ਹਿੱਸੇ ਵਿਚ ਮਾਨਸੂਨ ਦੇ ਅੱਗੇ ਵਧਣ ਨਾਲ ਪਛਮੀ ਬੰਗਾਲ ਦੇ ਉਪਰ ਘੱਟ ਦਬਾਅ ਦਾ ਖੇਤਰ ਬਣਿਆ ਹੈ ਜਿਸ ਨਾਲ ਪੱਛਮ ਵਲ ਝਾਰਖੰਡ ਅਤੇ ਬਿਹਾਰ ਵੱਲ ਵਧਣ ਦੇ ਆਸਾਰ ਹਨ। ਵਿਭਾਗ ਨੇ ਕਿਹਾ ਕਿ 31 ਜੁਲਾਈ ਤੋਂ ਚਾਰ ਅਗੱਸਤ ਦੌਰਾਨ ਰਾਜਸਥਾਨ ਦੇ ਪੂਰਬੀ ਭਾਗ ਅਤੇ ਮੱਧ ਪ੍ਰਦੇਸ਼ ਦੇ ਪਛਮੀ ਹਿੱਸੇ ਵਿਚ ਕੁਝ ਥਾਵਾਂ ’ਤੇ ਭਾਰੀ ਮੀਂਹ ਦਾ ਅਨੁਮਾਨ ਹੈ ਜਦਕਿ 31 ਜੁਲਾਈ ਤੋਂ ਤਿੰਨ ਅਗਸਤ ਦੌਰਾਨ ਮੀਂਹ ਹੋਰ ਤੇਜ਼ ਹੋਵੇਗਾ।