ਨਵੀਂ ਦਿੱਲੀ : ਸੁਪਰੀਮ ਕੋਰਟ ਪੇਗਾਸਸ ਮਾਮਲੇ ਦੀ ਮੌਜੂਦਾ ਜਾਂ ਸੇਵਾਮੁਕਤ ਜੱਜ ਦੁਆਰਾ ਆਜ਼ਾਦ ਜਾਂਚ ਕਰਾਉਣ ਦੀ ਬੇਨਤੀ ਵਾਲੀਆਂ ਪਟੀਸ਼ਨਾਂ ’ਤੇ ਪੰਜ ਅਗਸਤ ਨੂੰ ਸੁਣਵਾਈ ਕਰੇਗੀ। ਇਸ ਵਿਚ ਸੀਨੀਅਰ ਪੱਤਰਕਾਰ ਐਨ ਰਾਮ ਅਤੇ ਸ਼ਸ਼ੀ ਕੁਮਾਰ ਦੀ ਪਟੀਸ਼ਨ ਵੀ ਸ਼ਾਮਲ ਹੈ। ਸਿਖਰਲੀ ਅਦਾਲਤ ਦੀ ਵੈਬਸਾਈਟ ’ਤੇ ਅਪਲੋਡ ਕੀਤੀ ਗਈ ਸੂਚੀ ਅਨੁਸਾਰ ਮੁੱਖ ਜੱਜ ਐਨ ਵੀ ਰਮਣ ਅਤੇ ਜੱਜ ਸੂਰਿਆ ਕਾਂਤ ਦਾ ਬੈਂਚ ਪੰਜ ਅਗਸਤ ਨੂੰ ਤਿੰਨ ਵੱਖ ਵੱਖ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ ਜਿਸ ਵਿਚ ਸਰਕਾਰੀ ਏਜੰਸੀਆਂ ਦੁਆਰਾ ਵਿਸ਼ੇਸ਼ ਨਾਗਰਿਕਾਂ, ਆਗੂਆਂ ਅਤੇ ਪੱਤਰਕਾਰਾਂ ਦੀ ਇਜ਼ਰਾਇਲੀ ਸਾਫ਼ਟਵੇਅਰ ਪੇਗਾਸਸ ਜ਼ਰੀਏ ਕਥਿਤ ਜਾਸੂਸੀ ਦੀਆਂ ਖ਼ਬਰਾਂ ਦੇ ਸਬੰਧ ਵਿਚ ਜਾਂਚ ਕਰਾਉਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਸਿਖਰਲੀ ਅਦਾਲਤ ਨੇ 30 ਜੁਲਾਈ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ ਵਿਚ ਰਾਮ ਅਤੇ ਕੁਮਾਰ ਦੀ ਪਟੀਸ਼ਨ ’ਤੇ ਅਗਲੇ ਹਫ਼ਤੇ ਸੁਣਵਾਈ ਕਰੇਗੀ। ਪੱਤਰਕਾਰਾਂ ਵਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੇ ਪਿਛਲੇ ਹਫ਼ਤੇ ਅਦਾਲਤ ਨੂੰ ਕਿਹਾ ਸੀ ਕਿ ਪਟੀਸ਼ਨ ਦੇ ਵਿਆਪਕ ਅਸਰ ਨੂੰ ਵੇਖਦਿਆਂ ਇਸ ’ਤੇ ਫ਼ੌਰੀ ਸੁਣਵਾਈ ਕਰਨ ਦੀ ਲੋੜ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਥਿਤ ਜਾਸੂਸੀ ਭਾਰਤ ਵਿਚ ਵਿਰੋਧ ਦੇ ਆਜ਼ਾਦ ਪ੍ਰਗਟਾਵੇ ਨੂੰ ਦਬਾਉਣ ਅਤੇ ਨਿਰਉਤਸ਼ਾਹਤ ਕਰਨ ਦੇ ਏਜੰਸੀਆਂ ਅਤੇ ਸੰਗਠਨਾਂ ਦੇ ਯਤਨ ਦੀ ਵੰਨਗੀ ਹੈ। ਜੇ ਸਰਕਾਰ ਜਾਂ ਉਸ ਦੀ ਕਿਸੇ ਵੀ ਏਜੰਸੀ ਨੇ ਪੇਗਾਸਸ ਸਪਾਈਵੇਅਰ ਦਾ ਲਾਇਸੰਸ ਲਿਆ, ਪ੍ਰਤੱਖ ਜਾਂ ਅਪ੍ਰਤੱਖ ਤਰੀਕੇ ਨਾਲ ਇਸ ਦੀ ਵਰਤੋਂ ਕੀਤੀ ਅਤੇ ਜੇ ਕਿਸੇ ਵੀ ਤਰ੍ਹਾ ਨਿਗਰਾਨੀ ਰੱਖੀ ਗਈ ਹੈ ਤਾਂ ਇਸ ਬਾਰੇ ਖੁਲਾਸਾ ਕਰਨ ਦਾ ਨਿਰਦੇਸ਼ ਦਿਤਾ ਜਾਵੇ। ਕਿਹਾ ਗਿਆ ਹੈ ਕਿ ਇਹ ਮੁੱਦਾ ਨਾਗਰਿਕਾਂ ਦੀ ਆਜ਼ਾਦੀ ਨੂੰ ਪ੍ਰਭਾਵਤ ਕਰਨ ਵਾਲਾ ਹੈ ਅਤੇ ਵਿਰੋਧੀ ਆਗੂਆਂ, ਪੱਤਰਕਾਰਾਂ ਇਥੋਂ ਤਕ ਕਿ ਅਦਾਲਤੀ ਮੁਲਾਜ਼ਮਾਂ ਨੂੰ ਵੀ ਨਿਗਰਾਨੀ ਵਿਚ ਰਖਿਆ ਗਿਆ।