ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ 12ਵੇਂ ਦੌਰ ਦੀ ਫ਼ੌਜੀ ਗੱਲਬਾਤ ਹੋਈ। ਇਹ ਗੱਲਬਾਤ ਪੂਰਬੀ ਲਦਾਖ਼ ਦੇ ਰੇੜਕੇ ਵਾਲੇ ਬਿੰਦੂਆਂ ਤੋਂ ਫ਼ੌਜੀਆਂ ਦੀ ਵਾਪਸੀ ਦੀ ਕਵਾਇਦ ਦੀ ਦਿਸ਼ਾ ਵਿਚ ਅੱਗੇ ਵਧਣ ਦੇ ਉਦੇਸ਼ ਨਾਲ ਹੋਈ ਹੈ। ਰਖਿਆ ਸੂਤਰਾਂ ਮੁਤਾਬਕ ਇਸ ਗੱਲਬਾਤ ਦਾ ਉਦੇਸ਼ 14 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਇਸ ਖੇਤਰ ਵਿਚ ਜਾਰੀ ਰੇੜਕੇ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਕੋਰ ਕਮਾਂਡਰ ਪੱਧਰ ਦੀ 12ਵੇਂ ਦੌਰ ਦੀ ਗੱਲਬਾਤ ਪੂਰਬੀ ਲੱਦਾਖ਼ ਵਿਚ ਅਸਲ ਕੰਟਰੋਲ ਰੇਖਾ ’ਤੇ ਚੀਨ ਦੀ ਤਰਫ਼ੋਂ ਮੋਲਡੋ ਸੀਮਾ ਬਿੰਦੂ ’ਤੇ ਹੋਈ। ਇਕ ਸੂਤਰ ਨੇ ਦਸਿਆ ਕਿ ਤੈਅ ਸਮੇਂ ’ਤੇ ਸਵੇਰੇ 10 ਵਜੇ ਗੱਲਬਾਤ ਸ਼ੁਰੂ ਹੋਈ। ਗੱਲਬਾਤ ਦਾ ਦੌਰ ਪਿਛਲੀ ਵਾਰ ਹੋਈ ਵਾਰਤਾ ਤੋਂ ਸਾਢੇ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਹੋ ਰਿਹਾ ਹੈ। ਸੂਤਰਾਂ ਮੁਤਾਬਕ ਚੀਨ ਪੂਰਬੀ ਲਦਾਖ਼ ਵਿਚ 3 ਵਿਵਾਦਤ ਬਿੰਦੂਆਂ ਵਿਚੋਂ 2 ਤੋਂ ਹਟਣ ਲਈ ਤਿਆਰ ਹੋ ਗਿਆ ਹੈ। ਭਾਰਤੀ ਫ਼ੌਜ ਦੇ ਕਮਾਂਡਰਾਂ ਨੇ 3 ਵਿਵਾਦਤ ਬਿੰਦੂ ਹਾਟ ਸਪਰਿੰਗ, ਗੋਗਰਾ ਅਤੇ ਡੇਪਸਾਂਗ ਵਿਚ ਚੀਨ ਦੀ ਮੌਜੂਦਗੀ ’ਤੇ ਸਖ਼ਤ ਇਤਰਾਜ਼ ਕੀਤਾ। ਗੱਲਬਾਤ ਲਗਭਗ 12 ਘੰਟੇ ਚੱਲੀ। ਇਸ ਵਿਚ ਚੀਨ ਦੀ ਫ਼ੌਜ ਨੇ ਹਾਟ ਸਪਰਿੰਗ ਅਤੇ ਗੋਗਰਾ ਪੁਆਇੰਟ ਤੋਂ ਪਿੱਛੇ ਹਟਣ ’ਤੇ ਸਹਿਮਤੀ ਪ੍ਰਗਟ ਕੀਤੀ। ਇਨ੍ਹਾਂ ਦੋਹਾਂ ਇਲਾਕਿਆਂ ਵਿਚ ਗਸ਼ਤ ਬਿੰਦੂ 15 ਅਤੇ ਗਸ਼ਤ ਬਿੰਦੂ 17 ਅਲਫ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੈਠਕ ਵਿਚ ਇਨ੍ਹਾਂ ਦੋਹਾਂ ਇਲਾਕਿਆਂ ਤੋਂ ਚੀਨੀ ਫ਼ੌਜ ਦੇ ਪਿੱਛੇ ਹਟਣ ਦਾ ਐਕਸ਼ਨ ਪਲਾਨ ਵੀ ਤਿਆਰ ਕੀਤਾ ਗਿਆ। ਹਾਲਾਂਕਿ ਡੇਪਸਾਂਗ ਦੇ ਵਿਵਾਦਤ ਖੇਤਰ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਗੱਲਬਾਤ ਚੀਨ ਦੇ ਮੋਲਦੋ ਇਲਾਕੇ ਵਿਚ ਬਣੀ ਚੌਕੀ ’ਤੇ ਸ਼ੁਰੂ ਹੋਈ। ਬੈਠਕ ਵਿਚ 14ਵੀਂ ਕੋਰ ਦੇ ਕਮਾਂਡਰ ਪੀ ਜੀ ਕੇ ਮੈਨਨ ਅਤੇ ਵਿਦੇਸ਼ ਮੰਤਰਾਲੇ ਵਿਚ ਵਧੀਕ ਸਕੱਤਰ ਨਵੀਨ ਸ੍ਰੀਵਾਸਤਵ ਸ਼ਾਮਲ ਸਨ। ਭਾਰਤ ਵਲੋਂ ਏਜੰਡਾ ਸਾਫ਼ ਸੀ ਕਿ ਚੀਨ ਨੂੰ ਆਹਮਣੇ-ਸਾਹਮਣੇ ਦੀ ਤੈਨਾਤੀ ਵਾਲੇ ਇਲਾਕਿਆਂ ਤੋਂ ਪਿੱਛੇ ਹਟਣਾ ਪਵੇਗਾ।