ਨਵੀਂ ਦਿੱਲੀ : ਰੀਕਾਰਡ ਟੀਕਾਕਰਨ ਤੋਂ ਲੈ ਕੇ ਮਾਲ ਅਤੇ ਸੇਵਾ ਕਰ ਯਾਨੀ ਜੀਐਸਟੀ ਵਧਣ ਅਤੇ ਟੋਕੀਉ ਉਲੰਪਿਕ ਵਿਚ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਅਤੇ ਮਹਿਲਾ ਤੇ ਪੁਰਸ਼ ਹਾਕੀ ਵਿਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਘਟਨਾਵਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ‘ਅਮ੍ਰਿਤ ਉਤਸਵ’ ਦੀ ਸ਼ੁਰੂਆਤ ਦੇ ਨਾਲ ਹੀ ਹਰ ਭਾਰਤੀ ਦਾ ਦਿਲ ਜਿੱਤ ਰਹੇ ਹਨ। ਪ੍ਰਧਾਨ ਮੰਤਰੀ ਨੇ ਟਵਿਟਰ ’ਤੇ ਕਿਹਾ, ‘ਅਗਸਤ ਦੇ ਮਹੀਨੇ ਵਿਚ ਪ੍ਰਵੇਸ਼ ਅਤੇ ਅਮ੍ਰਿਤ ਉਤਸਵ ਦੀ ਸ਼ੁਰੂਆਤ ਨਾਲ ਹੀ ਅਸੀਂ ਕਈ ਘਟਨਾਵਾਂ ਵੇਖੀਆਂ ਜੋ ਹਰ ਭਾਰਤੀ ਦਾ ਦਿਲ ਜਿੱਤਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਰੀਕਾਰਡ ਟੀਕਾਕਰਨ ਹੋਇਆ ਹੈ ਅਤੇ ਜੀਐਸਟੀ ਸੰਗ੍ਰਹਿ ਵੀ ਵਧਿਆ ਹੈ ਜੋ ਆਰਥਕ ਗਤੀਵਿਧੀਆਂ ਦੇ ਮਜ਼ਬੂਤ ਹੋਣ ਦਾ ਸੰਕੇਤ ਕਰਦਾ ਹੈ। ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਅਮ੍ਰਿਤ ਉਤਸਵ ਦੇ ਮੌਕੇ ਭਾਰਤ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣ ਲਈ 130 ਕਰੋੜ ਭਾਰਤੀ ਸਖ਼ਤ ਮਿਹਨਤ ਜਾਰੀ ਰਖਣਗੇ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜੀਐਸਟੀ ਸੰਗ੍ਰਹਿ ਜੁਲਾਈ ਮਹੀਨੇ ਵਿਚ 33 ਫੀਸਦੀ ਵਧ ਕੇ 1.16 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦਾ ਪੁਨਰਉਦਾਰ ਤੇਜ਼ੀ ਨਾਲ ਹੋ ਰਿਹਾ ਹੈ।