ਮੁੰਬਈ : ਸ਼ਹਿਰ ਦੀ ਕਿਸੇ ਸੁਸਾਇਟੀ ਨੇ ਖੁਲੇਆਮ ਚੁੰਮਣ ਨੂੰ ਇਤਰਾਜ਼ਯੋਗ ਦਸਦਿਆਂ ਅਪਣੀ ਕਾਲੋਨੀ ਦੇ ਗੇਟ ’ਤੇ ‘ਨੋ ਕਿਸਿੰਗ ਜ਼ੋਨ’ ਦਾ ਬੋਰਡ ਲਾ ਦਿਤਾ ਹੈ। ਆਲੇ ਦੁਆਲੇ ਦੀ ਸੜਕ ’ਤੇ ਵੀ ਇਹੋ ਲਿਖ ਦਿਤਾ ਹੈ। ਸੁਸਾਇਟੀ ਨੇ ਕਿਹਾ ਕਿ ਖੁਲਆਮ ਅਸ਼ਲੀਲਤਾ ਵੱਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਸਮੇਂ ਤੋਂ ਹੀ ਕੁਝ ਜੋੜੇ ਉਨ੍ਹਾਂ ਦੀ ਸੁਸਾਇਟੀ ਦੇ ਨਾਲ ਵਾਲੀ ਸੜਕ ’ਤੇ ਆਉਣ ਲੱਗੇ ਸਨ। ਕਈ ਜੋੜੇ ਸੜਕ ’ਤੇ ਇਕ ਦੂਜੇ ਨੂੰ ਚੁੰਮਦੇ ਸਨ ਜੋ ਉਨ੍ਹਾਂ ਨੂੰ ਇਤਰਾਜ਼ਯੋਗ ਲੱਗਾ। ਮਾਮਲਾ ਬੋਰੀਵਲੀ ਦੀ ਸਤਿਅਮ ਸ਼ਿਵਮ ਸੁੰਦਰਮ ਸੁਸਾਇਟੀ ਦਾ ਹੈ। ਲੋਕਾਂ ਮੁਤਾਬਕ ਉਨ੍ਹਾਂ ਨੂੰ ਅੱਖਾਂ ਇੱਧਰ ਉਧਰ ਕਰ ਕੇ ਸੁਸਾਇਟੀ ਵਿਚ ਦਾਖ਼ਲ ਹੋਣਾ ਪੈਂਦਾ ਹੈ। ਬੱਚਿਆਂ ਉਤੇ ਵੀ ਗ਼ਲਤ ਅਸਰ ਪੈ ਰਿਹਾ ਹੈ। ਸੁਸਾਇਟੀ ਨੇ ਗੇਟ ਦੇ ਬਾਹਰ ਬੋਰਡ ਲਾ ਦਿਤਾ ਜਿਸ ਤੋਂ ਬਾਅਦ ਜੋੜਿਆਂ ਦਾ ਇਥੇ ਆਉਣਾ ਘੱਟ ਗਿਆ ਹੈ। ਪਿਛੇ ਜਿਹੇ ਲੋਕਾਂ ਨੇ ਜੋੜਿਆਂ ਦੀ ਵੀਡੀਉ ਬਣਾ ਕੇ ਕਾਰੋਪੋਰੇਟਰ ਅਤੇ ਪੁਲਿਸ ਨੂੰ ਭੇਜੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸੁਸਾਇਟੀ ਦੇ ਚੇਅਰਮੇਨ ਨੇ ਕਿਹਾ ਕਿ ਉਹ ਜੋੜਿਆਂ ਵਿਰੁਧ ਨਹੀਂ ਹਨ ਸਗੋਂ ਉਨ੍ਹਾਂ ਦੀਆਂ ਹਰਕਤਾਂ ਵਿਰੁਧ ਹਨ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਜਨਤਕ ਥਾਵਾਂ ’ਤੇ ਅਸ਼ਲੀਲ ਹਰਕਤ ਕਰਨਾ ਅਪਰਾਧ ਹੈ।