Friday, November 22, 2024

National

ਸਰਬੋਤਮ ਥਰੋਅ ਤੋਂ ਖੁੰਝਣ ਦੇ ਬਾਵਜੂਦ ਕਮਲਪ੍ਰੀਤ 6ਵਾਂ ਸਥਾਨ ਮੱਲ ਕੇ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਦਿਖਾਉਣ ਵਾਲੀ ਭਾਰਤੀ ਖਿਡਾਰਨ ਬਣੀ: ਰਾਣਾ ਸੋਢੀ

August 02, 2021 08:30 PM
Advocate Dalip Singh Wasan

ਕਮਲਪ੍ਰੀਤ ਦਾ ਲਾਈਵ ਮੁਕਾਬਲਾ ਦੇਖਦਿਆਂ ਭਾਵੁਕ ਹੋਏ ਰਾਣਾ ਸੋਢੀ

ਚੰਡੀਗੜ੍ਹ : ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਟੋਕੀਓ ਓਲੰਪਿਕਸ ਵਿੱਚ ਡਿਸਕਸ ਥਰੋਅ ਦੇ ਫਾਈਨਲ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਵੇਖਦਿਆਂ ਕਮਲਪ੍ਰੀਤ ਕੌਰ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ ਅਤੇ ਸੰਯੁਕਤ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਮੌਜੂਦ ਸਨ। ਕਮਲਪ੍ਰੀਤ ਕੌਰ ਦਾ ਮੁਕਾਬਲਾ ਵੇਖਦਿਆਂ ਰਾਣਾ ਸੋਢੀ ਕਈ ਵਾਰ ਭਾਵੁਕ ਹੋਏ ਅਤੇ ਕਿਹਾ, "ਹਾਲਾਂਕਿ ਕਮਲਪ੍ਰੀਤ ਕੌਰ ਫਾਈਨਲ ਵਿੱਚ ਆਪਣਾ ਸਰਬੋਤਮ ਥਰੋਅ ਸੁੱਟਣ ਤੋਂ ਖੁੰਝ ਗਈ ਪਰ ਫਿਰ ਵੀ ਉਸ ਨੇ ਕੁੱਲ 12 ਫਾਈਨਲਿਸਟਾਂ ਵਿੱਚੋਂ 6ਵੇਂ ਰੈਂਕ ਨਾਲ ਭਾਰਤ ਦਾ ਸਰਬੋਤਮ ਸਥਾਨ ਹਾਸਲ ਕੀਤਾ ਹੈ। ਉਸ ਨੇ 6ਵਾਂ ਸਥਾਨ ਹਾਸਲ ਕਰਕੇ ਥਰੋਅ ਦੇ ਤਿੰਨ ਹੋਰ ਮੌਕੇ ਹਾਸਲ ਕੀਤੇ।"  ਟੋਕੀਓ ਵਿਖੇ ਕਮਲਪ੍ਰੀਤ ਕੌਰ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਪਿੰਡ ਕਬਰਵਾਲਾ (ਮਲੋਟ) ਵਿਖੇ ਰਹਿੰਦੇ ਉਸ ਦੇ ਮਾਪਿਆਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਉਨ੍ਹਾਂ ਨੂੰ ਇਸ ਇਤਿਹਾਸਕ ਪਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ, "ਹਰ ਪੰਜਾਬੀ ਨੂੰ ਮਾਣ ਹੈ ਕਿ ਕਮਲਪ੍ਰੀਤ ਕੌਰ ਨੇ ਪੰਜਾਬ ਅਤੇ ਭਾਰਤ ਦਾ ਨਾਂ ਵਿਸ਼ਵ ਭਰ ਵਿੱਚ ਰੌਸ਼ਨ ਕੀਤਾ ਹੈ।" ਹਾਲਾਂਕਿ ਮੀਂਹ ਕਾਰਨ ਮੁਕਾਬਲੇ ਨੂੰ ਰੋਕ ਦਿੱਤਾ ਗਿਆ ਸੀ ਪਰ ਖੇਡ ਮੰਤਰੀ ਅਤੇ ਮੁਕਾਬਲੇ ਨੂੰ ਦੇਖ ਰਹੇ ਹੋਰਨਾਂ ਅਧਿਕਾਰੀਆਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਅਤੇ ਹਰ ਕੋਈ ਲਗਾਤਾਰ ਕਮਲਪ੍ਰੀਤ ਕੌਰ ਦੀ ਜਿੱਤ ਲਈ ਦੁਆਵਾਂ ਕਰਦਾ ਰਿਹਾ। ਜ਼ਿਕਰਯੋਗ ਹੈ ਕਿ ਕੌਮੀ ਰਿਕਾਰਡ ਹਾਸਲ ਕਮਲਪ੍ਰੀਤ ਕੌਰ ਨੇ 64 ਮੀਟਰ ਦੇ ਥਰੋਅ ਨਾਲ ਓਲੰਪਿਕ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਟੋਕੀਓ ਓਲੰਪਿਕ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਵਿੱਚ ਉਸ ਨੇ 65.06 ਮੀਟਰ ਥਰੋਅ ਨਾਲ 2012 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਵੱਲੋਂ 64.76 ਮੀਟਰ ਦੇ ਥਰੋਅ ਨਾਲ ਕਾਇਮ ਕੀਤੇ 9 ਸਾਲਾਂ ਦੇ ਕੌਮੀ ਰਿਕਾਰਡ ਨੂੰ ਤੋੜਿਆ ਸੀ। ਇਸ ਤੋਂ ਪਹਿਲਾਂ ਸਵੇਰ ਵੇਲੇ ਮਹਿਲਾ ਹਾਕੀ ਟੀਮ ਦੇ ਓਲੰਪਿਕ ਸੈਮੀਫਾਈਨਲ ਲਈ ਕੁਆਲੀਫਾਈ ਕਰਨ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਰਾਣਾ ਸੋਢੀ ਨੇ ਟਵੀਟ ਕੀਤਾ, "ਇਹ ਇੱਕ ਸ਼ਾਨਦਾਰ ਜਿੱਤ ਹੈ। ਸਾਡੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਇੰਡੀਆ ਨੇ ਤਿੰਨ ਵਾਰ ਓਲੰਪਿਕ ਸੋਨ ਤਮਗ਼ਾ ਜੇਤੂ ਆਸਟਰੇਲੀਆ ਨੂੰ 1-0 ਨਾਲ ਦਰੜਿਆ ਹੈ। ਲੜਕੀਆਂ ਦੀ ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਦਾਖ਼ਲ ਹੋ ਕੇ ਇਤਿਹਾਸ ਰਚਿਆ ਅਤੇ ਸਾਡਾ ਦਿਲ ਜਿੱਤ ਲਿਆ ਹੈ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਇਕਹਿਰਾ ਗੋਲ ਪੰਜਾਬ ਦੀ ਗੁਰਜੀਤ ਕੌਰ ਵੱਲੋਂ ਕੀਤਾ ਗਿਆ।" 

Have something to say? Post your comment

 

More in National

ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ

ਹਰਭਜਨ ਸਿੰਘ ਈ.ਟੀ.ਓ ਵੱਲੋਂ ਉੱਤਰੀ ਰਾਜਾਂ ਵਿਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰਾਜੈਕਟਾਂ ਲਈ ਸਬਸਿਡੀ ਦੀ ਮੰਗ

ਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟ

ਜਿੱਥੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਉੱਥੇ ਰਿਕਵਰੀ ਦੁਗਣੀ ਹੋ ਜਾਂਦੀ ਹੈ : ਮੋਦੀ

ਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ

ਚੱਕਰਵਾਤ ਦਾਨਾ: ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਪਟਨਾਇਕ ਨੇ ਲੋਕਾਂ ਨੂੰ ਰਾਜ ਸਰਕਾਰ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲ

ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਨੇ ਨਾਮਜ਼ਦਗੀ ਭਰੀ

ਮਾਓਵਾਦੀਆਂ ਦਾ ਕਹਿਣਾ ਹੈ ਕਿ 4 ਅਕਤੂਬਰ ਦੇ ਮੁਕਾਬਲੇ 'ਚ 7 ਹੋਰ ਕਾਡਰ ਮਾਰੇ ਗਏ : ਛੱਤੀਸਗੜ੍ਹ ਪੁਲਿਸ

MVA ਸੀਟ ਵੰਡ ਗੱਲਬਾਤ: ਰਾਉਤ ਨੇ ਕਿਹਾ ਕਿ ਰਾਜ ਦੇ ਕਾਂਗਰਸੀ ਆਗੂ ਫੈਸਲੇ ਨਹੀਂ ਲੈ ਸਕਦੇ

ਬਿਹਾਰ 'ਚ 'ਨਜਾਇਜ਼ ਸ਼ਰਾਬ' ਪੀਣ ਨਾਲ 10 ਹੋਰ ਮੌਤਾਂ