ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਗ਼ਰੀਬਾਂ ਦੇ ਸਸ਼ਕਤੀਕਰਨ ਨੂੰ ਅੱਜ ਸਿਖਰਲੀ ਤਰਜੀਹ ਦੇ ਰਹੀ ਹੈ ਅਤੇ ਇਸੇ ਨੂੰ ਧਿਆਨ ਵਿਚ ਰਖਦੇ ਹੋਏ ਪ੍ਰਧਾਨ ਮੰਤਰੀ ਗ਼ਰੀਬ ਭਲਾਈ ਅੰਨ ਯੋਜਨਾ ਤਹਿਤ ਲੱਖਾਂ ਪਰਵਾਰਾਂ ਨੂੰ ਮੁਫ਼ਤ ਰਾਸ਼ਨ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੁਫ਼ਤ ਰਾਸ਼ਨ ਸੰਸਾਰ ਮਹਾਂਮਾਰੀ ਦੇ ਇਸ ਸਮੇਂ ਵਿਚ ਗ਼ਰੀਬ ਦੀ ਚਿੰਤਾ ਘੱਟ ਕਰਦਾ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਵਧਾਉਂਦਾ ਹੈ। ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਗ਼ਰੀਬ ਭਲਾਈ ਅੰਨ ਯੋਜਨਾ ਦੇ ਗੁਜਰਾਤ ਦੇ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਇਸ ਪ੍ਰੋਗਰਾਮ ਵਿਚ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਅਤੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਵੀ ਮੌਜੂਦ ਸਨ। ਉਨ੍ਹਾਂ ਕਿਹਾ, ‘ਅੱਜ ਦੋ ਰੁਪਏ ਕਿਲੋ ਕਣਕ ਅਤੇ ਤਿੰਨ ਰੁਪਏ ਕਿਲੋ ਚੌਲ ਦੇ ਕੋਟੇ ਦੇ ਇਲਾਵਾ ਹਰ ਲਾਭਪਾਤਰੀ ਨੂੰ ਪੰਜ ਕਿੱਲੋ ਕਣਕ ਅਤੇ ਚੌਲ ਮੁਫ਼ਤ ਦਿਤਾ ਜਾ ਰਿਹਾ ਹੈ। ਯਾਨੀ ਇਸ ਯੋਜਨਾ ਤੋਂ ਪਹਿਲਾਂ ਦੀ ਤੁਲਨਾ ਵਿਚ ਰਾਸ਼ਨਕਾਰਡਧਾਰੀਆਂ ਨੂੰ ਲਗਭਗ ਦੁਗਣੀ ਮਾਤਰਾ ਵਿਚ ਰਾਸ਼ਨ ਉਪਲਭਧ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਦੀਵਾਲੀ ਤਕ ਪੇਟ ਭਰਨ ਲਈ ਜੇਬ ਵਿਚੋਂ ਕੋਈ ਪੈਸਾ ਖ਼ਰਚ ਨਹੀਂ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੁਫ਼ਤ ਰਾਸ਼ਨ ਸੰਸਾਰ ਮਹਾਂਮਾਰੀ ਦੇ ਇਸ ਸਮੇਂ ਵਿਚ ਗ਼ਰੀਬ ਦੀ ਚਿੰਤਾ ਘੱਟ ਕਰਦਾ ਹੈ।ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੋਂ ਅਜਿਹੀਆਂ ਯੋਜਨਾਵਾਂ ਜਿੰਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਈਆਂ ਜਾਣੀਆਂ ਚਾਹੀਦੀਆਂ ਸਨ, ਉਸ ਤਰ੍ਹਾਂ ਨਹੀਂ ਚਲਾਈਆਂ ਗਈਆਂ। ਅੱਜ ਦੇਸ਼ ਬੁਨਿਆਦੀ ਢਾਂਚੇ ’ਤੇ ਲੱਖਾਂ ਰੁਪਏ ਖ਼ਰਚ ਕਰ ਰਿਹਾ ਹੈ ਪਰ ਨਾਲ ਹੀ ਆਮ ਲੋਕਾਂ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
੍ਹ