ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹਲ ਗਾਂਧੀ ਨੇ ਇਥੇ ਨੌਂ ਸਾਲਾ ਬੱਚੀ ਦੇ ਮਾਤਾ ਪਿਤਾ ਨਾਲ ਮੁਲਾਕਾਤ ਕਰਕੇ ਪੂਰੀ ਮਦਦ ਦਾ ਭਰੋਸਾ ਦਿਤਾ ਜਿਸ ਦੀ ਪਿਛਲੇ ਦਿਨੀਂ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਸੀ। ਬੱਚੀ ਦੇ ਪਰਵਾਰ ਨੇ ਉਸ ਦੀ ਬਲਾਤਕਾਰ ਮਗਰੋਂ ਹਤਿਆ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਰਾਹੁਲ ਦਿੱਲੀ ਛਾਉਣੀ ਇਲਾਕੇ ਵਿਚ ਪਹੁੰਚ ਕੇ ਇਸ ਪਰਵਾਰ ਨੂੰ ਮਿਲੇ ਅਤੇ ਇਨਸਾਫ਼ ਲਈ ਉਨ੍ਹਾਂ ਨਾਲ ਖੜੇ ਹੋਣ ਦਾ ਭਰੋਸਾ ਦਿਵਾਇਆ। ਇਸ ਮੌਕੇ ਕਾਂਗਰਸ ਦੇ ਕਈ ਆਗੂ ਅਤੇ ਕਾਰਕੁਨ ਵੀ ਮੌਜੂਦ ਸਨ। ਉਨ੍ਹਾਂ ਬੱਚੀ ਦੇ ਮਾਤਾ ਪਿਤਾ ਨਾਲ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ, ‘ਮਾਤਾ ਪਿਤਾ ਦੇ ਹੰਝੂ ਸਿਰਫ਼ ਇਕ ਗੱਲ ਕਰ ਰਹੇ ਹਨ, ਉਨ੍ਹਾਂ ਦੀ ਬੇਟੀ, ਦੇਸ਼ ਦੀ ਬੇਟੀ ਨਿਆਂ ਦੀ ਹੱਕਦਾਰ ਹੈ ਅਤੇ ਨਿਆਂ ਲਈ ਇਸ ਰਸਤੇ ’ਤੇ ਮੈਂ ਉਨ੍ਹਾਂ ਨਾਲ ਹਾਂ।’ ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਤਾਂ ਉਨ੍ਹਾਂ ਕਿਹਾ, ‘ਮੈਂ ਸਿਰਫ਼ ਏਨਾ ਜਾਣਦਾ ਹਾਂ ਕਿ ਮੇਰਾ ਕੰਮ ਇਸ ਪਰਵਾਰ ਦੀ ਮਦਦ ਕਰਨਾ ਹੈ।’ ਜ਼ਿਕਰਯੋਗ ਹੈ ਕਿ ਨੌਂ ਸਾਲਾ ਬੱਚੀ ਦੀ ਪਿਛਲੇ ਦਿਨੀਂ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਸੀ। ਉਸ ਦੇ ਮਾਤਾ ਪਿਤਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਬੱਚੀ ਦੀ ਬਲਾਤਕਾਰ ਮਗਰੋਂ ਹਤਿਆ ਕੀਤੀ ਗਈ ਹੈ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਦਖਣੀ ਪਛਮੀ ਦਿੱਲੀ ਦੇ ਪੁਰਾਣੇ ਨਾਂਗਲ ਪਿੰਡ ਵਿਚ ਸ਼ਮਸ਼ਾਨ ਘਾਟ ਦੇ ਪੁਜਾਰੀ ਨੇ ਉਨ੍ਹਾਂ ਦੀ ਸਹਿਮਤੀ ਬਿਨਾਂ ਬੱਚੀ ਦਾ ਅੰਤਮ ਸਸਕਾਰ ਵੀ ਕਰਾ ਦਿਤਾ।