ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਇਜਲਾਸ ਵਿਚ ਨਵੇਂ ਖੇਤੀ ਕਾਨੂੰਨਾਂ ਕਾਰਨ ਹੰਗਾਮਾ ਮਚਿਆ ਹੋਇਆ ਹੈ। ਅੱਜ ਇਸ ਦਾ ਅਸਰ ਸੰਸਦ ਦੇ ਬਾਹਰ ਵੀ ਵੇਖਣ ਨੂੰ ਮਿਲਿਆ। ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਅਕਾਲੀ ਦਲ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਚਾਲੇ ਜ਼ੁਬਾਨੀ ਜੰਗ ਹੋਈ। ਤਖ਼ਤੀਆਂ ਚੁਕੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਬਾਦਲ ਅਤੇ ਅਕਾਲੀ ਸੰਸਦ ਮੈਂਬਰਾਂ ਨੂੰ ਬਿੱਟੂ ਨੇ ਕਿਹਾ ਕਿ ਤੁਹਾਡਾ ਪ੍ਰਦਰਸ਼ਨ ਨਕਲੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਜਿਸ ਸਮੇਂ ਸਰਕਾਰ ਸੰਸਦ ਵਿਚ ਇਹ ਕਾਨੂੰਨ ਪਾਸ ਕਰਾ ਰਹੀ ਸੀ, ਉਸ ਵਕਤ ਅਕਾਲੀ ਦਲ ਸਰਕਾਰ ਨਾਲ ਸੀ। ਉਸ ਦੇ ਕਿਸੇ ਵੀ ਆਗੂ ਨੇ ਇਸ ’ਤੇ ਇਤਰਾਜ਼ ਨਹੀਂ ਕੀਤਾ। ਸੰਸਦ ਵਿਚ ਜਦ ਬਿੱਲ ਪਾਸ ਹੋ ਗਿਆ ਤਾਂ ਕਿਸਾਨ ਹਿਤੈਸ਼ੀ ਬਣਨ ਲਈ ਅਕਾਲੀ ਆਗੂਆਂ ਨੇ ਘਰ ਜਾ ਕੇ ਅਸਤੀਫ਼ਾ ਦੇ ਦਿਤਾ। ਇਹ ਲੋਕ ਡਰਾਮਾ ਕਰ ਰਹੇ ਹਨ। ਇਸ ’ਤੇ ਹਰਸਿਮਰਤ ਨੇ ਕਿਹਾ ਕਿ ਜਦ ਬਿੱਲ ਸੰਸਦ ਵਿਚ ਪਾਸ ਹੋ ਰਿਹਾ ਸੀ ਤਾਂ ਕਾਂਗਰਸ ਨੇ ਬਿੱਲ ਦੇ ਸਮੇਂ ਵਾਕਟਾਊਟ ਕਿਉਂ ਕੀਤਾ? ਉਸ ਸਮੇਂ ਰਾਹੁਲ ਗਾਂਧੀ ਕਿਥੇ ਸਨ? ਉਸ ਸਮੇਂ ਕਿਸਾਨਾਂ ਦੀ ਆਵਾਜ਼ ਬਣ ਕੇ ਸੰਸਦ ਵਿਚ ਕਿਉਂ ਨਹੀਂ ਗਏ? ਉਦੋਂ ਰਾਹੁਲ ਨੂੰ ਸੰਸਦ ਵਿਚ ਜਾ ਕੇ ਇਨ੍ਹਾਂ ਬਿੱਲਾਂ ਦੀ ਵਿਰੋਧਤਾ ਕਰਨੀ ਚਾਹੀਦੀ ਸੀ ਪਰ ਇਨ੍ਹਾਂ ਨੇ ਅਜਿਹਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਇਨ੍ਹਾਂ ਦੇ ਲਾਗੂਕਰਨ ’ਤੇ ਰੋਕ ਲਾਈ ਹੋਈ ਹੈ। ਕਿਸਾਨ 9 ਮਹੀਨਿਆਂ ਤੋਂ ਧਰਨੇ ’ਤੇ ਬੈਠੇ ਹਨ।