ਚੀਬਾ : ਭਾਰਤੀ ਪਹਿਲਵਾਨ ਰਵੀ ਦਹੀਆ ਅਤੇ ਦੀਪਕ ਪੂਨੀਆ ਨੇ ਅਪਣੀ ਉਲੰਪਿਕ ਮੁਹਿੰਮ ਦੀ ਮਜ਼ਬੂਤ ਸ਼ੁਰੂਆਤ ਕਰਦਿਆਂ ਇਥੇ ਉਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ। ਦਹੀਆ ਦਾ ਦਬਦਬਾ ਏਨਾ ਸੀ ਕਿ ਉਸ ਨੇ 57 ਕਿਲੋ ਵਿਚ ਦੋਵੇਂ ਮੁਕਾਬਲੇ ਤਕਨੀਕੀ ਨੁਕਤੇ ’ਤੇ ਆਧਾਰ ’ਤੇ ਜਿੱਤੇ। ਸੈਮੀਫ਼ਾਈਨਲ ਵਿਚ ਉਸ ਦਾ ਸਾਹਮਣਾ ਕਜਾਖ਼ਸਤਾਨ ਦੇ ਨੂਰਇਸਲਾਮ ਸਾਨਾਯੇਵ ਨਾਲ ਹੋਵੇਗਾ। ਉਧਰ, ਪੂਨੀਆ ਨੇ ਪੁਰਸ਼ਾਂ ਦੇ 86 ਕਿਲੋ ਵਰਗ ਵਿਚ ਆਸਾਨ ਡਰਾਅ ਦਾ ਪੂਰਾ ਫ਼ਾਇਦਾ ਚੁਕਦਿਆਂ ਪਹਿਲੇ ਦੌਰ ਵਿਚ ਨਾਈਜੀਰੀਆ ਦੇ ਅਕੇਰੇਕੇਮੇ ਨੂੰ ਮਾਤ ਦਿਤੀ ਜੋ ਅਫ਼ਰੀਕੀ ਚੈਂਪੀਅਨਸ਼ਿਪ ਦੇ ਕਾਂਸੀ ਤਮਗ਼ਾ ਜੇਤੂ ਹਨ। ਕੁਆਰਟਰ ਫ਼ਾਈਨਲ ਵਿਚ ਉਨ੍ਹਾਂ ਚੀਨ ਦੇ ਜੁਸ਼ੇਨ ਲਿਨ ਨੂੰ 6.3 ਨਾਲ ਹਰਾਇਆ। ਉਧਰ, 19 ਸਾਲਾ ਦੀ ਅੰਸ਼ੂ ਮਲਿਕ ਔਰਤਾਂ ਦੇ 57 ਕਿਲੋ ਵਰਗ ਦੇ ਪਹਿਲੇ ਮੁਕਾਬਲੇ ਵਿਚ ਯੂਰਪੀ ਚੈਂਪੀਅਨ ਬੇਲਾਰੂਸ ਦੀ ੲਰੀਨਾ ਕੁਆਰਚੀਕਿਨਾ ਤੋਂ 2.8 ਨਾਲ ਹਾਰ ਗਈ। ਅਲਜੀਰੀਆ ਦੇ ਅਬਦੇਲਹਕ ਨੂੰ ਤਕਨੀਕੀ ਨੁਕਤੇ ਦੇ ਆਧਾਰ ’ਤੇ ਹਰਾਉਣ ਵਾਲੇ ਵੇਂਗਲੋਵ ਵਿਰੁਧ ਦਹੀਆ ਨੇ ਅਪਣਾ ਸ਼ਾਨਦਾਰ ਫ਼ਾਰਮ ਜਾਰੀ ਰਖਦਿਆਂ ਸ਼ੁਰੂ ਤੋਂ ਹੀ ਦਬਾਅ ਪਾਈ ਰਖਿਆ। ਬੀਤੇ ਏਸ਼ੀਆਈ ਚੈਂਪੀਅਨ ਦਾਹੀਆ ਨੇ ਉਸ ਸਮੇਂ 13-2 ਨਾਲ ਜਿੱਤ ਦਰਜ ਕੀਤੀ ਜਦਕਿ ਮੁਕਾਬਲੇ ਵਿਚ ਇਕ ਮਿੰਟ ਅਤੇ 10 ਸੈਕਿੰਡ ਦਾ ਸਮਾਂ ਹੋਰ ਬਚਿਆ ਸੀ।