ਟੋਕੀਉ : ਟੋਕੀਉ ਉਲੰਪਿਕ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸੋਨੇ ਦਾ ਤਮਗ਼ਾ ਜਿੱਤਣ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਸੈਮੀਫ਼ਾਈਨਲ ਮੁਕਾਬਲੇ ਵਿਚ ਭਾਰਤ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਇਆ ਜਿਸ ਵਿਚ ਸ਼ੁਰੂਆਤੀ ਪਲਾਂ ਵਿਚ ਭਾਰਤੀ ਕੁੜੀਆਂ ਦਾ ਦਬਦਬਾ ਰਿਹਾ ਪਰ ਬਾਅਦ ਵਿਚ ਅਰਜਨਟੀਨਾ ਹਾਵੀ ਹੋ ਗਈ। ਭਾਰਤ ਵਲੋਂ ਇਕਮਾਤਰ ਗੋਲ ਗੁਰਕੀਰਤ ਕੌਰ ਨੇ ਕੀਤਾ। ਸ਼ੁਰੂਆਤੀ ਮੁਕਾਬਲਿਆਂ ਵਿਚ ਲਗਾਤਾਰ ਮਿਲੀ ਹਾਰ ਦੇ ਬਾਅਦ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਸੈਮੀਫ਼ਾਈਨਲ ਵਿਚ ਥਾਂ ਬਣਾਈ ਸੀ। ਸੈਮੀਫ਼ਾਈਨਲ ਮੁਕਾਬਲੇ ਵਿਚ ਅਰਜਨਟੀਨਾ ਵਲੋਂ ਦੋਵੇਂ ਗੋਲ ਉਸ ਦੀ ਕਪਤਾਨ ਮਾਰੀਆ ਨੋਇਲ ਨੇ ਕੀਤੇ। ਅਰਜਨਟੀਨਾ ਦੂਜੇ ਹਾਫ਼ ਤੋਂ ਹਮਲਾਵਰ ਨਜ਼ਰ ਆਇਆ ਜਿਸ ਦਾ ਜਵਾਬ ਦੇਣ ਵਿਚ ਭਾਰਤੀ ਟੀਮ ਕਾਮਯਾਬ ਨਹੀਂ ਹੋ ਸਕੀ। ਹੁਣ ਮਹਿਲਾ ਟੀਮ ਕਾਂਸੀ ਦੇ ਤਮਗ਼ੇ ਲਈ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ ਸੈਮੀਫ਼ਾਈਨਲ ਮੁਕਾਬਲੇ ਵਿਚ ਪੁਰਸ਼ ਟੀਮ ਨੂੰ ਵੀ ਨਿਰਾਸ਼ਾ ਝੱਲਣੀ ਪਈ ਸੀ।