ਕੌਂਸ਼ਾਂਬੀ : ਉਤਰ ਪ੍ਰਦੇਸ਼ ਵਿਚ ਪੈਂਦੇ ਕੌਸ਼ਾਂਬੀ ਦੇ ਜ਼ਿਲ੍ਹਾ ਹਸਪਤਾਲ ਵਿਚ ਇਕ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਵਾਪਰੀ ਜਿਸ ਵਿਚ ਇਕ ਨਵੇਂ ਜਨਮੇ ਬੱਚੇ ਦੀ ਸੜਨ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿਕ ਨਿਊ ਬੌਰਨ ਕੇਅਰ ਯੂਨਿਟ ਵਿਚ ਇਕ ਨਵੇਂ ਜਨਮੇ ਬੱਚੇ ਦੀ ਵਾਰਮਰ ਮਸ਼ੀਨ ਵਿਚ ਜ਼ਿਆਦਾ ਹੀਟ ਕਾਰਨ ਜਿਉਂਦੇ ਹੀ ਸੜ੍ਹ ਜਾਣ ਕਾਰਨ ਮੌਤ ਹੋ ਗਈ। ਸਟਾਫ਼ ਦੀ ਬੇਧਿਆਨੀ ਕਾਰਨ ਵਾਰਮਰ ਇੰਨ੍ਹਾ ਜ਼ਿਆਦਾ ਗਰਮ ਹੋ ਗਿਆ ਕਿ ਬੱਚੇ ਦੀ ਪੇਟ ਦੀ ਚਮੜੀ ਬੁਰੀ ਤਰ੍ਹਾਂ ਨਾਲ ਝੁਲਸ ਗਈ ਅਤੇ ਬੱਚੇ ਦੇ ਸਰੀਰ ਵਿਚੋਂ ਧੂੰਆਂ ਨਿਕਲਣ ਲੱਗ ਪਿਆ। ਜਦੋਂ ਤੱਕ ਸਟਾਫ਼ ਨੇ ਇਹ ਖ਼ਬਰ ਸੀਨੀਅਰ ਡਾਕਟਰਾਂ ਤੱਕ ਪਹੁੰਚਾਈ ਅਤੇ ਉਹ ਵਾਰਡ ਵਿਚ ਪਹੁੰਚੇ ਉਸ ਸਮੇਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਸੀ.ਐਮ.ਐਸ. (ਚੀਫ਼ ਮੈਡੀਕਲ ਸੁਪਰਡੈਂਟ) ਡਾ. ਦੀਪਕ ਸੇਠ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਹੋਵੇਗੀ ਅਤੇ ਦੋਸ਼ੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
੍ਰਮੀਡੀਆ ਵਸੀਲਿਆਂ ਤੋਂ ਪ੍ਰਾਪਤ ਹੋਈਆਂ ਖ਼ਬਰਾਂ ਮੁਤਾਬਿਕ ਮਾਮਲੇ ਉਤਰ ਪ੍ਰਦੇਸ਼ ਦੇ ਕੌਸ਼ਾਂਬੀ ਦੇ ਜ਼ਿਲ੍ਹਾ ਹਸਪਤਾਲ ਦਾ ਹੈ। ਜਿਥੇ 14 ਅਗੱਸਤ ਨੂੰ ਜੁਨੈਦ ਅਹਿਮਦ ਨਾਮ ਦੇ ਵਿਅਕਤੀ ਦੇ ਆਪਣੀ ਪਤਨੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਸੀ ਜਿਥੇ ਸ਼ਾਮ 6.15 ਵਜੇ ਜੁਨੈਦ ਅਹਿਮਦ ਦੀ ਪਤਨੀ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਪਰਿਵਾਰ ਵਾਲੇ ਬਹੁਤ ਖ਼ੁਸ਼ ਸਨ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਅਗਲੇ ਦਿਨ ਤੱਕ ਘਰ ਪਰਤ ਜਾਣਗੇ। ਪਰ ਡਾਕਟਰਾਂ ਨੇ ਇਹ ਕਹਿ ਕੇ ਛੁੱਟੀ ਨਹੀਂ ਦਿੱਤੀ ਕਿ ਬੱਚਾ ਹਾਲੇ ਸਿਹਤਮੰਦ ਨਹੀਂ ਇਸ ਲਈ ਉਸ ਨੂੰ ਸਿਕ ਨਿਊ ਬੌਰਨ ਕੇਅਰ ਯੂਨਿਟ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਪਰਿਵਾਰ ਵਾਲਿਆਂ ਨੂੰ ਬੱਚੇ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਅਗਲੇ ਦਿਨ ਸਵੇਰੇ ਜਦੋਂ ਬੱਚੇ ਦੀ ਨਾਨੀ ਉਸ ਨੂੰ ਦੇਖਣ ਲਈ ਆਈ ਤਾਂ ਬੱਚੇ ਦਾ ਸਰੀਰ ਨੀਲਾ ਹੋਇਆ ਪਿਆ ਸੀ ਅਤੇ ਬੱਚੇ ਦੇ ਸਰੀਰ ਵਿਚੋਂ ਧੂੰਆਂ ਨਿਕਲ ਰਿਹਾ ਸੀ। ਇਸ ਤੋਂ ਇਲਾਵਾ ਛਾਤੀ ਅਤੇ ਪੇਟ ਵਾਲਾ ਹਿੱਸਾ ਵੀ ਫੱਟ ਰਿਹਾ ਸੀ। ਬੱਚੇ ਦੀ ਨਾਨੀ ਵੱਲੋਂ ਰੌਲਾ ਪਾਉਣ ਉਪਰੰਤ ਤੁਰਤ ਹਸਪਤਾਲ ਦੇ ਸਟਾਫ਼ ਨੇ ਬੱਚੇ ਨੂੰ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ ਅਤੇ ਉਨ੍ਹਾਂ ਨੇ ਤੁਰਤ ਸੀਨੀਅਰ ਡਾਕਟਰਾਂ ਨੂੰ ਇਸ ਸਬੰਧੀ ਸੂਚਨਾ ਦਿੱਤੀ। ਇਸ ਦੇ ਚੀਫ਼ ਮੈਡੀਕਲ ਸੁਪਰਡੈਂਟ ਡਾ. ਦੀਪਕ ਸੇਠ ਮੌਕੇ ’ਤੇ ਪਹੁੰਚੇ ਅਤੇ ਨਾਲ ਹੀ ਸਿਕ ਨਿਊ ਬੌਰਡ ਕੇਅਰ ਯੂਨਿਟ ਦੇ ਡਾਕਟਰ ਵੀ ਵਾਰਡ ਵਿਚ ਪਹੁੰਚ ਗਏ ਪਰ ਉਸ ਸਮੇਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪਰਿਵਾਰਾਂ ਵਾਲਿਆਂ ਨੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਸਟਾਫ਼ ਦੀ ਗ਼ਲਤੀ ਕਾਰਨ ਸਾਡੇ ਬੱਚੇ ਦੀ ਮੌਤ ਹੋਈ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਸਟਾਫ਼ ਮੋਬਾਇਲ ਦੇਖਣ ਵਿਚ ਰੁਝਿਆ ਹੋਇਆ ਸੀ ਜਿਸ ਕਾਰਨ ਉਨ੍ਹਾਂ ਨੇ ਬੱਚੇ ਵੱਲ ਧਿਆਨ ਹੀ ਨਹੀਂ ਦਿੱਤਾ। ਬੱਚੇ ਦੇ ਪਿਤਾ ਨੇ ਮੀਡੀਆ ਨੂੰ ਦਸਿਆ ਕਿ ਉਸ ਕੋਲ ਇਕ ਡਾਕਟਰ ਆਇਆ ਸੀ ਜਦੋਂ ਉਸ ਨੇ ਡਾਕਟਰ ਤੋਂ ਇਸ ਸਬੰਧੀ ਸਵਾਲ ਕੀਤੇ ਤਾਂ ਡਾਕਟਰ ਨੇ ਅੱਗੋਂ ਕਿਹਾ ਕਿ ਮੁਆਫ਼ ਕਰ ਦਿਉ ਗ਼ਲਤੀ ਹੋ ਗਈ ਅਤੇ ਡਾਕਟਰ ਇਹ ਕਹਿ ਕੇ ਦੁਬਾਰਾ ਨਜ਼ਰ ਨਹੀਂ ਆਇਆ। ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਡਾਕਟਰ ਨੂੰ ਨਹੀਂ ਜਾਣਦਾ ਪਰ ਜੇਕਰ ਡਾਕਟਰ ਸਾਹਮਣੇ ਆਵੇ ਤਾਂ ਉਹ ਪਛਾਣ ਲਵੇਗਾ।