ਖੇਡਾਂ ਨਾਲ ਜੁੜਕੇ ਬੰਦੀਆਂ ਦੇ ਜੀਵਨ 'ਚ ਆਵੇਗਾ ਅਹਿਮ ਬਦਲਾਓ-ਪ੍ਰਵੀਨ ਕੁਮਾਰ ਸਿਨਹਾ
ਪਟਿਆਲਾ : ਦੇਸ਼ ਦੀ ਆਜ਼ਾਦੀ ਦੇ 75 ਵੇਂ ਵਰ੍ਹੇ ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਵਜੋਂ ਮਨਾਏ ਜਾਣ ਦੌਰਾਨ ਅੱਜ ਸ੍ਰੀ ਮਹਾਤਮਾ ਗਾਂਧੀ ਅਤੇ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਜੈਯੰਤੀ ਮੌਕੇ ਇੰਡੀਅਨ ਆਇਲ ਨੇ ਜੇਲ ਵਿਭਾਗ ਦੇ ਸਹਿਯੋਗ ਨਾਲ ਦੇਸ਼ ਭਰ ਦੀਆਂ ਜੇਲਾਂ ਅੰਦਰ 'ਪਰਿਵਰਤਨ-ਪ੍ਰਿਜ਼ਨ ਤੋਂ ਪ੍ਰਾਈਡ ਤੱਕ' ਨਾਮ ਦਾ ਇੱਕ ਦੇਸ਼ ਵਿਆਪੀ ਵਿਸ਼ੇਸ਼ ਪ੍ਰੋਗਰਾਮ ਅਰੰਭ ਕੀਤਾ ਹੈ।
ਕੇਂਦਰੀ ਜੇਲ ਪਟਿਆਲਾ ਵਿਖੇ ਏ.ਡੀ.ਜੀ.ਪੀ (ਜੇਲ੍ਹਾਂ), ਸ੍ਰੀ ਪ੍ਰਵੀਨ ਕੁਮਾਰ ਸਿਨਹਾ ਅਤੇ ਇੰਡੀਅਨ ਆਇਲ ਦੇ ਕਾਰਜਕਾਰੀ ਡਾਇਰੈਕਟਰ ਸੁਜੋਏ ਚੌਧਰੀ ਨੇ ਇੰਡੀਅਨ ਆਇਲ ਵੱਲੋਂ ਪੰਜਾਬ ਜੇਲ ਵਿਭਾਗ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਅਰੰਭੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਬੰਦੀਆਂ ਨੇ ਏ.ਡੀ.ਜੀ.ਪੀ. ਸ੍ਰੀ ਸਿਨਹਾ ਵੱਲੋਂ ਵਾਲੀਬਾਲ ਦੀ ਗੇਂਦ ਮੈਦਾਨ 'ਚ ਸੁੱਟੇ ਜਾਣ ਮਗਰੋਂ ਇੱਕ ਪ੍ਰਦਰਸ਼ਨੀ ਮੈਚ ਵੀ ਖੇਡਿਆ, ਜਿਸ 'ਚ ਸ੍ਰੀ ਸਿਨਹਾ ਅਤੇ ਸ੍ਰੀ ਚੌਧਰੀ ਨੇ ਬੰਦੀਆਂ ਨਾਲ ਮਿਲਕੇ, ਖ਼ੁਦ ਵੀ ਵਾਲੀਬਾਲ ਦੇ ਇਸ ਮੈਚ 'ਚ ਹਿੱਸਾ ਲਿਆ।
ਇਸ ਮੌਕੇ ਏ.ਡੀ.ਜੀ.ਪੀ. ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਇੰਡੀਅਨ ਆਇਲ ਦੇ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਜੇਲ ਵਿਭਾਗ ਵੱਲੋਂ ਇਸ ਸਾਂਝੇ ਉਪਰਾਲੇ ਤਹਿਤ ਇੰਡੀਅਨ ਆਇਲ ਦੀ ਮਦਦ ਨਾਲ ਇੱਕ ਮਹੀਨੇ ਲਈ ਵਾਲੀਬਾਲ, ਬੈਡਮਿੰਟਨ, ਕੈਰਮ, ਚੈਸ ਆਦਿ ਖੇਡਾਂ ਦੀ ਸਿਖਲਾਈ ਬੰਦੀਆਂ ਨੂੰ ਦਿਵਾਈ ਜਾਵੇਗੀ। ਇਸ ਦੌਰਾਨ ਜੇਲਾਂ 'ਚ ਬੰਦੀ ਕੋਚ ਵਜੋਂ ਤਿਆਰ ਹੋਣਗੇ ਅਤੇ ਅੱਗੇ ਹੋਰ ਬੰਦੀਆਂ ਨੂੰ ਖੇਡਾਂ ਦੀ ਸਿਖਲਾਈ ਦੇਣਗੇ ਅਤੇ ਬਾਅਦ 'ਚ ਇਸ ਪ੍ਰੋਗਰਾਮ ਤਹਿਤ ਹੋਰ ਖੇਡਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਸ੍ਰੀ ਸਿਨਹਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ 'ਚ ਬੰਦੀਆਂ ਦੇ ਖੇਡ ਮੁਕਾਬਲਿਆਂ ਵਜੋਂ ਜੇਲ ਉਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਉਮੀਦ ਜਤਾਈ ਕਿ ਇਹ ਵਿਸ਼ੇਸ਼ ਪ੍ਰੋਗਰਾਮ ਬੰਦੀਆਂ ਦੇ ਜੀਵਨ 'ਚ ਅਹਿਮ ਬਦਲਾਓ ਲਿਆਉਣ 'ਚ ਸਫ਼ਲ ਹੋਵੇਗਾ। ਉਨ੍ਹਾਂ ਨੇ ਬੰਦੀਆਂ ਨੂੰ ਪ੍ਰੇਰਨਾ ਦਿੰਦਿਆਂ ਦੇਸ਼ ਦੀ ਖੁਸ਼ਹਾਲੀ ਲਈ ਸਮੂਹਿਕ ਯੋਗਦਾਨ ਪਾਉਣ, ਭੈੜੀਆਂ ਤਾਕਤਾਂ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅੱਜ ਕੱਲ੍ਹ ਕੈਦੀਆਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ, ਮੁੜ ਵਸੇਬੇ ਦਾ ਮੌਕਾ ਪ੍ਰਦਾਨ ਕਰਨ 'ਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ।
ਇਸ ਮੌਕੇ ਇੰਡੀਅਨ ਆਇਲ ਦੇ ਉਤਰ ਖੇਤਰ ਦੇ ਕਈ ਰਾਜਾਂ ਦੇ ਕਾਰਜਕਾਰੀ ਡਾਇਰੈਕਟਰ ਸੁਜੋਏ ਚੌਧਰੀ ਨੇ ਦੱਸਿਆ ਕਿ ਇੰਡੀਅਨ ਆਇਲ ਦੇ ਚੇਅਰਮੈਨ ਸ੍ਰੀਕਾਂਤ ਮਾਧਵ ਵੈਦਿਆ ਦੀ ਦੂਰਦਰਸ਼ੀ ਸੋਚ ਸਦਕਾ, ਬੰਦੀਆਂ ਦੇ ਜੀਵਨ 'ਚ ਹਾਂਪੱਖੀ ਤੇ ਉਸਾਰੂ ਤਬਦੀਲੀ ਲਿਆਉਣ ਲਈ ਸਪੋਰਟਸ ਕੋਚਿੰਗ ਦਾ ਇਹ ਪ੍ਰੋਗਰਾਮ ਅੱਜ ਦੇਸ਼ ਭਰ ਦੀਆਂ ਜੇਲਾਂ 'ਚ ਲਾਗੂ ਕੀਤਾ ਗਿਆ ਹੈ।
ਸ੍ਰੀ ਚੌਧਰੀ ਨੇ ਕਿਹਾ ਕਿ ਖੇਡਾਂ ਨਾਲ ਜੁੜਕੇ ਬੰਦੀ ਇੱਕ ਜ਼ਿੰਮੇਵਾਰ ਨਾਗਰਿਕ ਬਣਕੇ ਪਰਿਵਰਤਨ ਦੇ ਇਸ ਪੜਾਅ ਵਿੱਚੋਂ ਲੰਘਦੇ ਹੋਏ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਬਹੁਤ ਜਲਦੀ ਹੀ ਇੰਡੀਅਨ ਆਇਲ ਵੱਲੋਂ ਪੰਜਾਬ ਜੇਲ ਵਿਭਾਗ ਨਾਲ ਮਿਲਕੇ ਰਿਟੇਲ ਆਊਟਲੈਟ ਵੀ ਸ਼ੁਰੂ ਕੀਤੇ ਜਾ ਰਹੇ ਹਨ, ਜੋ ਕਿ ਬੰਦੀਆਂ ਦੇ ਜੀਵਨ ਦੀ ਨਵੀਂ ਸ਼ੁਰੂਆਤ ਲਈ ਅਹਿਮ ਸਾਬਤ ਹੋਣਗੇ।
ਇਸ ਮੌਕੇ ਆਈ.ਜੀ. (ਜੇਲ੍ਹਾਂ) ਰੂਪ ਕੁਮਾਰ ਅਰੋੜਾ, ਪਟਿਆਲਾ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ, ਇੰਡੀਅਨ ਆਇਲ ਦੇ ਸੀ.ਜੀ.ਐਮ. (ਰਿਟੇਲ ਸੇਲਜ) ਅਮਰਿੰਦਰ ਕੁਮਾਰ ਤੇ ਜਨਰਲ ਮੈਨੇਜਰ ਹਰਦੀਪ ਸਿੰਘ ਸੋਹੀ, ਪ੍ਰਿੰਸੀਪਲ ਜੇਲ ਸਿਖਲਾਈ ਸਕੂਲ ਗੁਰਚਰਨ ਸਿੰਘ ਧਾਲੀਵਾਲ, ਡੀ.ਐਸ.ਪੀ. ਸੌਰਵ ਜਿੰਦਲ, ਡਿਪਟੀ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਡਿਪਟੀ ਸੁਪਰਡੈਂਟ ਸੁਰੱਖਿਆ ਵਰੁਣ ਸ਼ਰਮਾ, ਡਿਪਟੀ ਸੁਪਰਡੈਂਟ ਫੈਕਟਰੀ ਹਰਜੋਤ ਸਿੰਘ ਕਲੇਰ, ਭਲਾਈ ਅਫ਼ਸਰ ਜਗਜੀਤ ਸਿੰਘ, ਸਹਾਂਇਕ ਸੁਪਰਡੈਂਟ ਨਵਦੀਪ ਸਿੰਘ ਅਤੇ ਹੋਰ ਜੇਲ੍ਹ ਅਧਿਕਾਰੀ ਵੀ ਹਾਜ਼ਰ ਸਨ।