ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਮੁਹਿੰਮ ਵਿੱਚ ਬੱਚੇ ਅਹਿਮ ਰੋਲ ਅਦਾ ਕਰ ਸਕਦੇ ਹਨ : ਮੁੱਖ ਖੇਤੀਬਾੜੀ ਅਫ਼ਸਰ
ਬਰਨਾਲਾ : ਡਾਇਰੈਕਟਰ, ਖੇਤੀਬਾੜੀ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੁਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਤਾਂ ਜੋ ਵਿਦਿਆਰਥੀ ਇਸ ਮੁਹਿੰਮ ਨਾਲ ਜੁੜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਣ।
ਮੁੱਖ ਖੇਤੀਬਾੜੀ ਅਫ਼ਸਰ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਇੱਕ ਜਟਿੱਲ ਸਮੱਸਿਆ ਬਣ ਚੁੱਕੀ ਹੈ, ਜਦਕਿ ਪਰਾਲੀ ਦੇ ਕਈ ਤਰ੍ਹਾਂ ਨਾਲ ਪ੍ਰਬੰਧਨ ਕੀਤਾ ਜਾ ਸਕਦੇ ਹਨ, ਜਿਵੇਂ ਕਿ ਪਸ਼ੂਆਂ ਲਈ ਚਾਰਾ ਬਨਾਉਣਾ, ਖੁੰਬਾਂ ਤੇ ਹੋਰ ਫ਼ਸਲਾਂ ਦੀ ਮਲਚਿੰਗ ਵੀ ਕੀਤੀ ਜਾ ਸਕਦੀ ਹੈ, ਇਸ ਦੀਆਂ ਗੰਢਾਂ ਬਣਾ ਕੇ ਬਾਹਰ ਕੱਢਿਆ ਜਾ ਸਕਦਾ, ਸੁਪਰ ਸੀਡਰ ਦੀ ਵਰਤੋਂ ਕਰਕੇ ਇਸ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਹੁਣ ਇਸ ਮੁਹਿੰਮ ਦਾ ਹਿੱਸਾ ਸਕੂਲੀ ਵਿਦਿਆਰਥੀਆਂ ਨੂੰ ਵੀ ਬਣਾਇਆ ਗਿਆ ਹੈ ਤਾਂ ਜੋ ਵਿਦਿਆਰਥੀ ਆਪਣੇ ਮਾਪਿਆਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਦੇ ਪ੍ਰਬੰਧਨ ਸੰਬੰਧੀ ਜਾਣਕਾਰੀ ਦੇ ਸਕਣ।
ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਪਲੇਠਾ ਸਕੂਲੀ ਮੁਕਾਬਲਾ ਸੰਤ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੇਂਟਿੰਗ, ਭਾਸ਼ਣ ਪ੍ਰਤੀਯੋਗਤਾ ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਵਿਦਿਆਥੀਆਂ ਨੂੰ ਆਈ—ਖੇਤ ਮੋਬਾਇਲ ਐਪ, ਚੈਟ ਬੋਟ ਅਤੇ ਐਮ—ਸੰਵਾਦ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੇ ਡਾਇਰੈਕਟਰ ਜੌਬਿਨਜ਼ ਕੇ ਜੌਨ ਨੇ ਕਿਹਾ ਕਿ ਉਹ ਵਿਦਿਆਥੀਆਂ ਨੂੰ ਪਰਾਲੀ ਦੇ ਸੰਬੰਧ ਵਿੱਚ ਮਾਪੇ-ਅਧਿਆਪਕ ਮਿਲਣੀ ਤੇ ਸਕੂਲ ਦੇ ਹੋਰ ਹੋਣ ਵਾਲੇ ਫੰਕਸ਼ਨ ਵਿੱਚ ਜਾਣਕਾਰੀ ਦੇਣਗੇ।
ਇਨ੍ਹਾਂ ਪੇਟਿੰਗ ਮੁਕਾਬਲਿਆਂ ਵਿੱਚ ਉਪਿੰਦਰਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਵਿੱਚ ਉਸਨੇ ਪਰਾਲੀ ਦੇ ਧੂੰਏ ਕਾਰਨ ਸਾਹ ਲੈਣ ਵਿੱਚ ਆਉਣ ਵਾਲੀ ਮੁਸ਼ਕਲ ਨੂੰ ਦਿਖਾਇਆ, ਦੂਸਰਾ ਸਥਾਨ ਸੁਖਲੀਨ ਕੌਰ ਨੇ ਪ੍ਰਾਪਤ ਕੀਤਾ ਜਿਸ ਵਿੱਚ ਉਸਨੇ ਪਰਾਲੀ ਦੇ ਧੂੰਏ ਕਾਰਨ ਮਾਂ ਦੀ ਕੋਖ ਵਿੱਚ ਪਲ ਰਹੇ ਬੱਚੇ ਨੂੰ ਹੋਣ ਵਾਲੀ ਮੁਸ਼ਕਲ ਤੇ ਬਿਮਾਰੀ ਨੂੰ ਦਰਸਾਇਆ ਤੇ ਤੀਸਰਾ ਸਥਾਨ ਹਰਸ਼ਲੀਨ ਕੌਰ ਨੇ ਪ੍ਰਾਪਤ ਕੀਤਾ ਜਿਸਨੇ ਪਰਾਲੀ ਨੂੰ ਅੱਗ ਲਗਾਉਣ ਨਾਲ ਪੰਛੀਆਂ ਲਈ ਪੈਦਾ ਹੋਈਆ ਸਮੱਸਿਆਵਾ ਨੂੰ ਦਰਸਾਇਆ ਗਿਆ ਸੀ। ਭਾਸ਼ਣ ਪ੍ਰਤੀਯੋਗਤਾ ਵਿੱਚ ਅਮਨਪ੍ਰੀਤ ਕੌਰ ਨੇ ਪਹਿਲਾ, ਡੇਵਿਤ ਨੇ ਦੂਸਰਾ ਤੇ ਸਹਿਜਪ੍ਰੀਤ ਕੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਕੁਇਜ ਮੁਕਾਬਲੇ ਵਿੱਚ ਰੈੱਡ ਹਾਉਸ ਨੇ ਪਹਿਲਾ, ਗਰੀਨ ਹਾਊਸ ਨੇ ਦੂਸਰਾ ਤੇ ਬਲਿਊ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਡਾ. ਗੁਰਚਰਨ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਸੁਨੀਤਾ ਰਾਣੀ ਨੁਮਾਇੰਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੇ ਰਿਸ਼ਬ ਯਸ਼ ਤੋਮਰ ਏ—ਪੈਗ ਨੇ ਇਸ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਨਿਭਾਈ ਤੇ ਜੇਤੂ ਬੱਚਿਆ ਨੂੰ ਇਨਾਮ ਦਿੱਤੇ।