ਐਸ.ਏ.ਐਸ ਨਗਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਵੋਟਰ ਕੇਵਲ ਫੋਟੋ ਵੋਟਰ ਸਲਿਪ ਰਾਹੀਂ ਵੋਟ ਨਹੀਂ ਪਾ ਸਕਦੇ ਉਨ੍ਹਾਂ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ (ਐਪਿਕ) ਜਾਂ ਫਿਰ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਸ਼ਨਾਖਤੀ ਕਾਰਡਾਂ ਵਿਚੋਂ ਕੋਈ ਇੱਕ ਹੋਣਾ ਲਾਜ਼ਮੀ ਹੈ।
ਇਸ ਸਬੰਧੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਚੋਣਾਂ-2022 ਵਿੱਚ ਵੋਟਰਾਂ ਨੂੰ ਫੋਟੋ ਵੋਟਰ ਸਲਿੱਪ ਦੀ ਥਾਂ 'ਤੇ ਵੋਟਰ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਜਿਸ ਦੀ ਵਰਤੋਂ ਉਹ ਵੋਟ ਪਾਉਣ ਲਈ ਕਰ ਸਕਦੇ ਹਨ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਵਿਕਲਪਕ ਸ਼ਨਾਖਤੀ ਕਰਾਡ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਕੰਪਨੀਆਂ ਵਲੋਂ ਕਰਮਚਾਰੀਆਂ ਨੂੰ ਜਾਰੀ ਫੋਟੋਗ੍ਰਾਫ ਵਾਲਾ ਸਰਵਿਸ ਸ਼ਨਾਖਤੀ ਕਾਰਡ, ਬੈਂਕ/ਪੋਸਟ ਆਫਿਸ ਵਲੋਂ ਜਾਰੀ ਫੋਟੋਗ੍ਰਾਫ ਵਾਲੀ ਪਾਸਬੁੱਕ, ਪੈਨ ਕਾਰਡ, ਐਨ.ਪੀ.ਐਰ ਤਹਿਤ ਆਰ.ਜੀ.ਆਈ ਵਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਕਾਰਡ, ਕਿਰਤ ਮੰਤਰਾਲੇ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗ੍ਰਾਫ ਵਾਲਾ ਪੈਨਸ਼ਨ ਦਸਤਾਵੇਜ, ਐਮ.ਪੀ./ਐਮ.ਐਲ.ਏ./ਐਮ.ਐਲ.ਸੀ. ਵਲੋਂ ਜਾਰੀ ਅਧਿਕਾਰਤ ਪਛਾਣ ਪੱਤਰ ਅਤੇ ਅਧਾਰ ਕਾਰਡ ਸ਼ਾਮਿਲ ਹੈ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵਿਦੇਸ਼ੀ ਵੋਟਰਾਂ ਨੂੰ ਸਿਰਫ਼ ਪਛਾਣ ਲਈ ਆਪਣਾ ਅਸਲ ਪਾਸਪੋਰਟ ਪੇਸ਼ ਕਰਨਾ ਹੋਵੇਗਾ। ਵੋਟਰਾਂ ਦੀ ਸਹਾਇਤਾ ਲਈ, ਕਮਿਸ਼ਨ ਨੇ ਅਧਿਕਾਰੀਆਂ ਨੂੰ ਅੱਗੇ ਨਿਰਦੇਸ਼ ਦਿੱਤੇ ਹਨ ਕਿ ਵੋਟਰ ਫੋਟੋ ਸ਼ਨਾਖਤੀ ਕਾਰਡ ਦੇ ਮਾਮਲੇ ਵਿੱਚ, ਐਂਟਰੀਆਂ ਵਿੱਚ ਮਾਮੂਲੀ ਅੰਤਰ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ, ਬਸ਼ਰਤੇ ਇਲੈਕਟਰਸ ਫੋਟੋ ਸ਼ਨਾਖਤੀ ਕਾਰਡ ਦੁਆਰਾ ਵੋਟਰ ਦੀ ਪਛਾਣ ਸਾਬਿਤ ਹੋ ਸਕੇ। ਜੇਕਰ ਕਿਸੇ ਵੋਟਰ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ ਹੈ ਜੋ ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ (ਈ.ਆਰ.ਓ.) ਦੁਆਰਾ ਜਾਰੀ ਕੀਤਾ ਗਿਆ ਹੈ, ਤਾਂ ਅਜਿਹੇ ਕਾਰਡ ਨੂੰ ਪਛਾਣ ਲਈ ਵੀ ਸਵੀਕਾਰ ਕੀਤਾ ਜਾਵੇਗਾ, ਬਸ਼ਰਤੇ ਉਸ ਵੋਟਰ ਦਾ ਨਾਮ ਪੋਲਿੰਗ ਸਟੇਸ਼ਨ ਨਾਲ ਸਬੰਧਤ ਵੋਟਰ ਸੂਚੀ ਵਿੱਚ ਪਾਇਆ ਗਿਆ ਹੋਵੇ ਅਤੇ ਫੋਟੋ ਆਦਿ ਦੇ ਮੇਲ ਨਾ ਹੋਣ ਦੇ ਮਾਮਲੇ ਵਿੱਚ ਵੋਟਰ ਨੂੰ 11 ਵਿਕਲਪਿਕ ਫੋਟੋ ਦਸਤਾਵੇਜ਼ਾਂ ਵਿੱਚੋਂ ਇੱਕ ਪੇਸ਼ ਕਰਨਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਪਹਿਲਾਂ ਕਮਿਸ਼ਨ ਵਲੋਂ ਫੋਟੋ ਵੋਟਰ ਸਲਿਪ (ਪੀ.ਵੀ.ਐਸ) ਸਲਿਪ ਨੂੰ ਸ਼ਨਾਖਤੀ ਦਸਤਾਵੇਜ ਵਜੋਂ ਪ੍ਰਵਾਨਗੀ ਦਿੱਤੀ ਗਈ ਸੀ ਪਰ ਇਸ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖ ਕੇ ਵੋਟਰ ਫੋਟੋ ਸ਼ਨਾਖਤੀ ਕਾਰਡ ਵਰਤੋਂ ਵਿੱਚ ਲਿਆਇਆ ਗਿਆ। ਉਨ੍ਹਾਂ ਕਿਹਾ ਕਿ ਫੋਟੋ ਵੋਟਰ ਸਲਿਪ ਨੂੰ ਹੁਣ ਵੀ ਤਿਆਰ ਕੀਤਾ ਜਾਵੇਗਾ ਤਾਂ ਜੋ ਇਸ ਨੂੰ ਵੋਟਰਾਂ ਦੀ ਜਾਗਰੂਕਤਾ ਲਈ ਵਰਤੋਂ ਵਿੱਚ ਲਿਆ ਜਾ ਸਕੇ। ਉਨ੍ਹਾਂ ਸ਼ਪਸਟ ਕਰਦਿਆਂ ਦੱਸਿਆ ਕਿ ਵੋਟ ਪਾਉਣ ਲਈ ਕੇਵਲ ਫੋਟੋ ਵੋਟਰ ਸਲਿਪ ਸ਼ਨਾਖਤੀ ਕਾਰਡ ਵਜੋਂ ਪ੍ਰਵਾਨ ਨਹੀਂ ਕੀਤੀ ਜਾਵੇਗੀ।