ਮੋਹਾਲੀ : ਸੰਯੁਕਤ ਸਮਾਜ ਮੋਰਚਾ ਦੇ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾਡ਼ ਨੇ ਆਮ ਆਦਮੀ ਪਾਰਟੀ ਦੇ 'ਕਥਿਤ ਆਮ ਆਦਮੀ' ਉਮੀਦਵਾਰ ਅਰਬਾਂਪਤੀ ਕੁਲਵੰਤ ਸਿੰਘ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਲਵੰਤ ਸਿੰਘ ਨੇ ਪੂਰੇ ਹਲਕੇ ਵਿੱਚ ਤਕਰੀਬਨ ਦੋ ਕਰੋੜ ਦੀ ਕੀਮਤ ਦੇ ਬੈਨਰ ਅਤੇ ਪੋਸਟਰ ਲਗਵਾਏ ਹਨ ਅਤੇ ਇਹੀ ਹਾਲ ਵਿਧਾਇਕ ਬਲਬੀਰ ਸਿੱਧੂ ਦਾ ਵੀ ਹੈ।
ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸੈਕਟਰਾਂ ਵਿੱਚ ਚੋਣ ਪ੍ਰਚਾਰ ਦੌਰਾਨ ਰਵਨੀਤ ਬਰਾੜ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਜਿਸ ਤਰ੍ਹਾਂ ਨਾਲ ਪੂਰੇ ਸ਼ਹਿਰ ਦੀ ਦਿੱਖ ਨੂੰ ਆਪਣੇ ਪੋਸਟਰਾਂ ਅਤੇ ਬੈਨਰਾਂ ਨਾਲ ਖ਼ਰਾਬ ਕੀਤਾ ਹੈ ਉਸਦਾ ਚੋਣ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਹੈ।
ਉਨ੍ਹਾਂ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਮੋਹਾਲੀ ਹਲਕੇ ਵਿੱਚ ਲਗਾਏ ਗਏ ਪੋਸਟਰਾਂ ਅਤੇ ਬੈਨਰਾਂ ਦਾ ਖਰਚ ਇਨ੍ਹਾਂ ਉਮੀਦਵਾਰਾਂ ਦੇ ਚੋਣ ਖਾਤੇ ਵਿੱਚ ਜੋੜਿਆ ਜਾਵੇ।
ਇਸ ਮੌਕੇ ਬੋਲਦਿਆਂ ਬਰਾਡ਼ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਵਲ ਨਾਮ ਦੀ ਆਮ ਆਦਮੀ ਹੈ। ਉਸਦੇ ਮੋਹਾਲੀ ਤੋਂ ਉਮੀਦਵਾਰ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚੋਂ ਇੱਕ ਹਨ ਅਤੇ ਜੇਕਰ ਉਨ੍ਹਾਂ ਦੁਆਰਾ ਮੋਹਾਲੀ ਦੀ ਦਿੱਖ ਖਰਾਬ ਕਰਨ ਲਈ ਲਗਾਏ ਗਏ ਪੋਸਟਰਾਂ ਅਤੇ ਬੈਨਰਾਂ ਦੀ ਹੀ ਗਿਣਤੀ ਕਰ ਲਈ ਜਾਵੇ ਤਾਂ ਇਸ ਦੀ ਕੀਮਤ 2 ਕਰੋੜ ਦੇ ਆਸਪਾਸ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਕਰੋੜਾਂ ਰੁਪਏ ਖਰਚ ਕੇ ਪੋਸਟਰ ਅਤੇ ਬੈਨਰ ਸਾਰੇ ਸ਼ਹਿਰ ਵਿੱਚ ਲਗਵਾ ਸਕਦਾ ਹੈ ਉਹ ਪੈਸਾ ਖਰਚ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰੇਗਾ।
ਬਰਾੜ ਨੇ ਅੱਗੇ ਕਿਹਾ ਕਿ ਇਹੀ ਹਾਲ ਮੌਜੂਦਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਵੀ ਹੈ। ਉਨ੍ਹਾਂ ਵੱਲੋਂ ਵੀ ਲਗਾਏ ਗਏ ਪੋਸਟਰਾਂ ਦੀ ਜੇਕਰ ਗਿਣਤੀ ਕਰਵਾਈ ਜਾਵੇ ਤਾਂ ਉਸ ਦੀ ਕੀਮਤ ਵੀ ਤਕਰੀਬਨ 2 ਕਰੋੜ ਦੇ ਆਸਪਾਸ ਹੋਵੇਗੀ। ਅਜਿਹੇ ਵਿੱਚ ਬਿਨਾਂ ਸ਼ੱਕ ਇਨ੍ਹਾਂ ਉਮੀਦਵਾਰਾਂ ਵੱਲੋਂ ਪੈਸੇ ਦੇ ਪ੍ਰਭਾਵ ਨਾਲ ਵੋਟਰਾਂ ਨੂੰ ਖ਼ਰੀਦਣ ਜਾਂ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਤੇ ਮਾਣਯੋਗ ਚੋਣ ਕਮਿਸ਼ਨ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਬਰਾੜ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਉਮੀਦਵਾਰਾਂ ਦੇ ਝਾਂਸੇ ਵਿੱਚ ਨਾ ਆਉਂਣ ਅਤੇ ਪੰਜਾਬ ਦੇ ਭਵਿੱਖ ਅਤੇ ਆਪਣੀਆਂ ਅਗਲੀਆਂ ਪੀੜੀਆਂ ਨੂੰ ਅੱਗੇ ਰੱਖਦੇ ਹੋਏ ਹੀ 20 ਫਰਵਰੀ ਨੂੰ ਵੋਟ ਕਰਨ।