ਮੋਹਾਲੀ : ਕਿਸਾਨ ਅੰਦੋਲਨ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਚੜੂਨੀ ਨੇ ਮੰਗਲਵਾਰ ਨੂੰ ਸੰਯੁਕਤ ਸਮਾਜ ਮੋਰਚੇ ਦੇ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾੜ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੇ ਦਿੱਲੀ ਦੇ ਧਨਾਢ ਕਾਰਪੋਰੇਟ ਜਗਤ ਨੂੰ ਝੁਕਾਇਆ ਸੀ ਠੀਕ ਉਸੇ ਤਰ੍ਹਾਂ ਮੈਨੂੰ ਵਿਸ਼ਵਾਸ ਹੈ ਕਿ ਮੋਹਾਲੀ ਵਿਚ ਵੀ ਰਵਨੀਤ ਬਰਾੜ ਧਨਾਢਾਂ ਨੂੰ ਚੁਕਾਉਣਗੇ ਅਤੇ ਸੰਯੁਕਤ ਸਮਾਜ ਮੋਰਚਾ ਦੇ ਵਿਧਾਇਕ ਵਜੋਂ ਵਿਧਾਨ ਸਭਾ ਵਿੱਚ ਪਹੁੰਚਣਗੇ।
ਚੋਣ ਪ੍ਰਚਾਰ ਦੌਰਾਨ ਚੜੂਨੀ ਨੇ ਕਿਹਾ ਕਿ ਅੱਜ ਲੋੜ ਹੈ ਪੰਜਾਬ ਨੂੰ ਪੜ੍ਹੇ ਲਿਖੇ ਅਤੇ ਅਗਾਂਹਵਧੂ ਸੋਚ ਵਾਲੇ ਨੌਜਵਾਨਾਂ ਨੂੰ ਮੌਕਾ ਦੇਣ ਦੀ, ਤਾਂ ਜੋ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਇਆ ਜਾ ਸਕੇ। ਇਨ੍ਹਾਂ ਨੌਜਵਾਨਾਂ ਦੇ ਜੋਸ਼ ਅਤੇ ਜਜ਼ਬੇ ਦੇ ਚਲਦਿਆਂ ਹੀ ਮੋਦੀ ਵਰਗੇ ਹੰਕਾਰੀਆਂ ਨੂੰ ਕਿਸਾਨਾਂ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ ਸੀ।
ਚੜੂਨੀ ਨੇ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਅਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਅਰਬਾਂਪਤੀ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਧਨਾਢਾਂ ਨੇ ਹੀ ਪੰਜਾਬ ਵਿੱਚ ਰਾਜ ਕਰਨ ਦਾ ਠੇਕਾ ਨਹੀਂ ਲਿਆ ਹੋਇਆ। ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ ਕਿਸਾਨੀ ਅੰਦੋਲਨ ਨੇ ਸਿਆਸੀ ਰਵਾਇਤੀ ਸਿਆਸੀ ਪਾਰਟੀਆਂ ਦੀ ਅਸਲੀਅਤ ਲੋਕਾਂ ਅੱਗੇ ਖੋਲ ਕੇ ਰੱਖ ਦਿੱਤੀ ਹੈ। ਹੁਣ ਲੋਕ ਆਪਣਾ ਵਿਧਾਇਕ ਆਪਣੇ ਕਿਸਾਨ ਅੰਦੋਲਨ ਦੇ ਤਜਰਬਿਆਂ ਦੇ ਆਧਾਰ ਤੇ ਚੁਣਨਗੇ।
ਗੁਰਨਾਮ ਸਿੰਘ ਚੜੂਨੀ ਨੇ ਹਲਕੇ ਦੇ ਲੋਕਾਂ ਨੂੰ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਕਿਸਾਨੀ ਦਾ ਘਾਣ ਕੀਤਾ ਹੈ ਅਤੇ ਆਪਣੇ ਘਰ ਭਰੇ ਹਨ। ਜਦਕਿ ਕਿਸਾਨ ਅੰਦੋਲਨ ਵਿੱਚੋਂ ਨਿਕਲਿਆ ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਆਮ ਘਰਾਂ ਵਿੱਚੋਂ ਨਿਕਲੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਕੇ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਕਰਨ ਦੇ ਏਜੰਡੇ ਨਾਲ ਅੱਗੇ ਵਧ ਰਿਹਾ ਹੈ।