ਮੋਹਾਲੀ : ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਚੰਦ ਦਿਨ ਰਹਿ ਗਏ ਹਨ। ਇਸੇ ਦੇ ਮੱਦੇਨਜ਼ਰ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦੇ ਹੋਏ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਵਨੀਤ ਬਰਾਡ਼ ਨੇ ਆਪਣਾ ਚੋਣ ਪ੍ਰਚਾਰ ਪੂਰਾ ਤੇਜ਼ ਕਰ ਦਿੱਤਾ ਹੈ।
ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਦੇ ਨਾਲ ਨਾਲ ਰਵਨੀਤ ਬਰਾਡ਼ ਨੇ ਗੁਰਦੁਆਰਾ ਸ਼੍ਰੀ ਹੰਸਾਲੀ ਸਾਹਿਬ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਕਿਸਾਨ ਅੰਦੋਲਨ ਦੇ ਜਾਣੇ ਪਛਾਣੇ ਚਿਹਰੇ ਅਤੇ ਫਿਲਮ ਅਦਾਕਾਰ ਦੀਪ ਸਿੱਧੂ ਦੀ ਬੀਤੀ ਰਾਤ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਤੇ ਸਿੱਧੂ ਨੂੰ ਸ਼ਰਧਾਂਜਲੀ ਦਿੰਦਿਆਂ ਬਰਾਡ਼ ਨੇ ਕਿਹਾ ਕਿ ਦੀਪ ਸਿੱਧੂ ਦੀ ਮੌਤ ਨਾਲ ਪੰਜਾਬ ਦੀ ਨੌਜਵਾਨੀ ਨੂੰ ਵੱਡਾ ਘਾਟਾ ਪਿਆ ਹੈ। ਸਿੱਧੂ ਇੱਕ ਅਜਿਹਾ ਨੌਜਵਾਨ ਸੀ ਜਿਸਨੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਕਿਸਾਨੀ ਅੰਦੋਲਨ ਨਾਲ ਜੋੜਿਆ। ਸਿੱਧੂ ਨੇ ਪੰਜਾਬ ਦੀ ਹੋਂਦ ਨੂੰ ਬਣਾਈ ਰੱਖਣ ਲਈ ਕਿਸਾਨ ਅੰਦੋਲਨ ਦੀ ਹਰ ਹਾਲ ਜਿੱਤ ਨੂੰ ਲੈ ਨੌਜਵਾਨਾਂ ਵਿੱਚ ਨਵਾਂ ਜੋਸ਼ ਭਰਿਆ। ਬਹੁਤ ਥੋੜ੍ਹੀ ਉਮਰ ਵਿੱਚ ਹੀ ਦੀਪ ਸਿੱਧੂ ਬਹੁਤ ਜਲਦੀ ਸਾਥੋਂ ਅਲਵਿਦਾ ਲੈ ਗਿਆ।
ਇਸ ਮੌਕੇ ਰਵਨੀਤ ਬਰਾੜ ਨੇ ਹਲਕੇ ਦੇ ਲੋਕਾਂ ਨੂੰ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਵਜੋਂ ਉਨ੍ਹਾਂ ਨੂੰ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਘਾਣ ਕੀਤਾ ਹੈ ਅਤੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਹੈ।
ਬਰਾੜ ਨੇ ਅੱਗੇ ਕਿਹਾ ਕਿ ਉਹ ਆਪਣੇ ਮੈਨੀਫੈਸਟੋ ਵਿੱਚ ਰੱਖੇ 11 ਨੁਕਾਤੀ ਪ੍ਰੋਗਰਾਮ ਹਰ ਹਾਲ ਵਿਚ ਪੂਰੇ ਕਰਨਗੇ। ਮੋਹਾਲੀ ਹਲਕੇ ਦੀ ਲੋਕਾਂ ਨੂੰ ਵਧੀਆ ਸ਼ਾਸਨ ਅਤੇ ਪ੍ਰਸ਼ਾਸਨ ਦਿੱਤਾ ਜਾਵੇਗਾ। ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਚੰਡੀਗੜ੍ਹ ਦੇ ਬਰਾਬਰ ਕੀਤਾ ਜਾਵੇਗਾ।
ਬਰਾੜ ਨੇ ਕਿਹਾ ਕਿ ਜੋ ਨੁਕਤੇ ਉਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਰੱਖੇ ਹਨ ਉਹ ਹਲਕੇ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਰੱਖੇ ਗਏ ਹਨ। ਮੋਹਾਲੀ ਹਲਕੇ ਨੂੰ ਹੋਰ ਬਿਹਤਰ ਬਣਾਉਣ ਲਈ ਦਿਨ ਰਾਤ ਯਤਨ ਕੀਤੇ ਜਾਣਗੇ ਅਤੇ ਹਲਕੇ ਦੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ।
ਬਰਾੜ ਨੇ ਕਿਹਾ ਕਿ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਚੋਣ ਪ੍ਰਚਾਰ ਮੀਟਿੰਗਾਂ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹਲਕਾ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਹਾਲੀ ਸ਼ਹਿਰ ਵਿੱਚੋਂ ਪੜ੍ਹਿਆ ਲਿਖਿਆ ਤਬਕਾ ਅਤੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨੀ ਭਾਈਚਾਰਾ ਪੂਰੀ ਤਰ੍ਹਾਂ ਉਨ੍ਹਾਂ ਦੇ ਸਮਰਥਨ ਵਿੱਚ ਨਾਲ ਖੜ੍ਹਾ ਹੈ।