ਮੁਹਾਲੀ : ਭਾਜਪਾ ਦੀ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹੱਕ ਮਾਰਨੇ ਸ਼ੁਰੂ ਕਰ ਦਿੱਤੇ ਹਨ, ਜੋ ਕਿ ਪੰਜਾਬ ਦੇ ਵੋਟਰਾਂ ਨਾਲ ਧੋਖਾ ਹੈ ।
ਬੀਬੀ ਜੀ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦੇ ਕੇ ਪੰਜਾਬ ਲਈ ਚੁਣਿਆ ਹੈ ਅਤੇ ਹੁਣ ਉਨ੍ਹਾਂ 92 ਵਿਧਾਇਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ।
ਇਸ ਦੇ ਚੱਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹੱਕਾਂ ਲਈ ਨੁਮਾਇੰਦਗੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਰਾਜ ਸਭਾ ਸੀਟਾਂ ਲਈ ਸਾਰੇ ਉਮੀਦਵਾਰ ਪੰਜਾਬੀ ਹੀ ਹੋਣਗੇ ਅਤੇ ਜੇਕਰ ਰਾਜ ਸਭਾ ਸੀਟਾਂ ਲਈ ਦਿੱਲੀ ਤੋਂ ਆਏ ਰਾਘਵ ਚੱਢਾ ਜਾਂ ਡਾ ਸੰਦੀਪ ਪਾਠਕ ਉਮੀਦਵਾਰ ਹੋਣਗੇ ਤਾਂ ਪੰਜਾਬ ਦੇ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨਗੇ। ਇਹ ਜਰੂਰੀ ਹੈ ਕਿ ਪੰਜਾਬ ਦਾ ਪੱਖ ਪੰਜਾਬੀ ਹੀ ਪੇਸ਼ ਕਰਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਬ ਵੋਟਾਂ ਲੈਣ ਲਈ ਹਮੇਸ਼ਾਂ ਕਹਿੰਦੇ ਰਹੇ ਕਿ "ਪੰਜਾਬ, ਪੰਜਾਬ ਤੋਂ ਚੱਲੇਗਾ -ਦਿੱਲੀ ਤੋਂ ਨਹੀਂ" ਅਤੇ ਹੁਣ ਆਪਣੀ ਜ਼ੁਬਾਨ ਉਤੇ ਖਰੇ ਉਤਰਨ ਅਤੇ ਪੰਜਾਬ ਨੂੰ ਚਲਾਉਣ ਲਈ ਜੋ 5 ਉਮੀਦਵਾਰ ਰਾਜ ਸਭਾ ਵਿਚ ਜਣੇ ਹਨ ਉਹ ਪੰਜਾਬ ਤੋਂ ਹੀ ਹੋਣ ਦਿੱਲੀ ਤੋਂ ਨਹੀਂ।