ਚੰਡੀਗੜ ਯੂਨੀਵਰਸਿਟੀ ਦੀ ਸਾਲਾਨਾ ਕਨਵੋਕੇਸ਼ਨ-2021 ਦੌਰਾਨ 1025 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀਆਂ ਪ੍ਰਦਾਨ
ਆਪ੍ਰਰੇਸ਼ਨ ਗੰਗਾ ਵਿਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਪ੍ਰਤੀ ਭਾਰਤ ਦੀ ਜ਼ੁੰਮੇਵਾਰੀ ਦਾ ਪ੍ਰਤੀਕ: ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਭਾਰਤ ਸਰਕਾਰ ਵਚਨਬੱਧ: ਵਿਦੇਸ਼ ਸਕੱਤਰ
ਐਮ.ਬੀ.ਏ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ 5 ਵਿਦਿਆਰਥੀਆਂ ਦਾ ਗੋਲਡ ਮੈਡਲਾਂ ਨਾਲ ਸਨਮਾਨ
ਵਿਸ਼ਵਵਿਆਪੀ ਵਿਚਾਰਧਾਰਾ ਅਤੇ ਸੋਚ ਨੂੰ ਨਵਾਂ ਆਕਾਰ ਦੇਣ ਵਿੱਚ ਭਾਰਤ ਦੀ ਭੂਮਿਕਾ ਪਿਛਲੇ ਕੁੱਝ ਸਾਲਾਂ ’ਚ ਤੇਜ਼ੀ ਨਾਲ ਵਧੀ ਹੈ ਅਤੇ ਇਸ ਸਾਲ ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਜੀ-20 ਅਤੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ) ਵਰਗੀਆਂ ਕਈ ਪ੍ਰਭਾਵਸ਼ਾਲੀ ਸੰਸਥਾਵਾਂ ਦੀ ਪ੍ਰਧਾਨਗੀ ਪ੍ਰਾਪਤ ਕਰਨਾ ਭਾਰਤ ਦੀ ਪ੍ਰਭੂਸੱਤਾ ਦਾ ਪ੍ਰਮਾਣ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਵਿਦੇਸ਼ ਸਕੱਤਰ ਸ਼੍ਰੀ ਹਰਸ਼ਵਰਧਨ ਸ਼ਿ੍ਰੰਗਲਾ ਨੇ ਕੀਤਾ। ਇਸ ਮੌਕੇ ਉਹ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਡਿਗਰੀ ਵੰਡ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਚੰਡੀਗੜ ਯੂਨੀਵਰਸਿਟੀ ਵੱਲੋਂ ਐਮ.ਬੀ.ਏ ਅਤੇ ਇੰਜੀਨੀਅਰਿੰਗ ਕੋਰਸਾਂ ਨਾਲ ਸਬੰਧਿਤ 2021 ਪਾਸਆਊਟ 1025 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ। ਇਸ ਦੌਰਾਨ ਐਮ.ਬੀ.ਏ ਦੇ ਵੱਖ-ਵੱਖ ਕੋਰਸਾਂ ਨਾਲ ਸਬੰਧਿਤ 5 ਹੋਣਹਾਰ ਵਿਦਿਆਰਥੀਆਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ’ਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਪ੍ਰੋ-ਹਿਮਾਨੀ ਸੂਦ ਉਚੇਚੇ ਤੌਰ ’ਤੇ ਹਾਜ਼ਰ ਸਨ।
ਕਨਵੋਕੇਸ਼ਨ ਤਕਰੀਰ ਦੌਰਾਨ ਗੱਲਬਾਤ ਕਰਦਿਆਂ ਸ਼੍ਰੀ ਹਰਸ਼ਵਰਧਨ ਸ਼ਿ੍ਰੰਗਲਾ ਨੇ ਦਾਅਵਾ ਕੀਤਾ ਕਿ ਰਿਕਾਰਡਤੋੜ 150 ਬਿਲੀਅਨ ਯੂ.ਐਸ ਡਾਲਰ ਦਾ ਐਫ਼.ਡੀ.ਆਈ, ਕੁੱਲ ਆਬਾਦੀ ਦਾ 60 ਫ਼ੀਸਦੀ ਯੁਵਾ ਸ਼ਕਤੀ, 600 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਵਿਦੇਸ਼ੀ ਮੁਦਰਾ ਭੰਡਾਰ, ਇਸ ਵਿੱਤੀ ਸਾਲ ’ਚ 9 ਫ਼ੀਸਦੀ ਦੇ ਅਨੁਮਾਨਿਤ ਵਾਧੇ ਦੇ ਇਲਾਵਾ ਵਿਆਪਕ ਇੰਟਰਨੈਂਟ ਭਾਰਤ ਦੇ ਨਿਰੰਤਰ ਵਿਕਾਸ ਦੇ ਕੁੱਝ ਪ੍ਰਮਾਣ ਹਨ।ਭਾਰਤ ਦੀ ਪ੍ਰਧਾਨਗੀ ਹੇਠ 2023 ਵਿੱਚ ਹੋਣ ਵਾਲ ਸਿਖਰ ਸੰਮੇਲਨ ਆਪਣੀ ਕਿਸਮ ਦਾ ਹੁਣ ਤੱਕ ਦਾ ਸੱਭ ਤੋਂ ਵਿਸ਼ਾਲ ਸਮਾਗਮ ਹੋਵੇਗਾ, ਜੋ ਸਾਨੂੰ ਵਿਸ਼ਵ ਪੱਧਰ ’ਤੇ ਭਾਰਤ ਨੂੰ ਪੇਸ਼ ਕਰਨ ਅਤੇ ਪ੍ਰਸੰਗਿਕ ਮੁੱਦਿਆਂ ’ਤੇ ਪਹਿਲਕਦਮੀਆਂ ਸ਼ੁਰੂ ਕਰਨ ਦਾ ਮੌਕਾ ਦੇਵੇਗਾ।ਮੰਜ਼ਿਲ ’ਤੇ ਪਹੁੰਚਣ ’ਤੇ ਲਈ ਸ਼੍ਰੀ ਸ਼ਿ੍ਰੰਗਲਾ ਨੇ ਪਾਸਆਊਟ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਇੱਕ ਨਵਾਂ, ਉਜਵਲ ਭਵਿੱਖ ਬਣਾਉਣ ਦੀ ਅਪੀਲ ਕੀਤੀ।
ਸ਼੍ਰੀ ਸ਼ਿ੍ਰੰਗਲਾ ਨੇ ਕਿਹਾ ਕਿ ਭਾਰਤ ਦਾ ਵਿਦੇਸ਼ ਮੰਤਰਾਲਾ ਵਿਦੇਸ਼ ਵਿੱਚ ਰਹਿ ਰਹੇ, ਪੜ ਰਹੇ ਜਾਂ ਕੰਮ ਕਰ ਰਹੇ ਹਰ ਭਾਰਤੀ ਨਾਗਰਿਕ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ।ਹਰ ਭਾਰਤੀ ਨਾਗਰਿਕ ਦੀ ਭਲਾਈ ਸਾਡੇ ਦੂਤਾਵਾਸਾਂ ਦੀ ਜ਼ੁੰਮੇਵਾਰੀ ਹੈ ਅਤੇ ਨਾਗਰਿਕਾਂ ਪ੍ਰਤੀ ਸਰਕਾਰ ਦੀ ਸੰਵੇਦਨਸ਼ੀਲਤਾ ਅਤੇ ਵਚਨਬੱਧਤਾ ਦੇਵੀ ਸ਼ਕਤੀ ਅਤੇ ਆਪ੍ਰੇਰਸ਼ਨ ਗੰਗਾ ਮਿਸ਼ਨ ਵਰਗੇ ਹਾਲ ਹੀ ਦੇ ਕੰਮਾਂ ’ਚ ਸਪੱਸ਼ਟ ਤੌਰ ’ਤੇ ਵਿਖਾਈ ਦਿੰਦੀ ਹੈ। ਯੂਕਰੇਨ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਇਹ ਟਕਰਾਅ ਸਾਡੇ ਅਤੇ ਬਾਕੀ ਵਿਸ਼ਵ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਭਾਰਤ ਕੂਟਨੀਤੀ ਅਤੇ ਗੱਲਬਾਤ ਦਾ ਹਿਮਾਇਤੀ ਹੋਣ ਦੇ ਹੱਕ ਵਿੱਚ ਹੈ।
ਵਿਸ਼ਵ ਭਰ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ ਬਾਰੇ ਬੋਲਦਿਆਂ ਸ਼ਿ੍ਰੰਗਲਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦਾ ਓਵਰਸੀਜ਼ ਸੈੱਲ ਉਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪੂਰੀ ਦੁਨੀਆ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਭਾਈਚਾਰੇ ਲਈ ਮੁਸ਼ਕਲ ਰਹਿਤ ਅਨੁਭਵ ਦੀ ਸਹੂਲਤ ਲਈ ਪ੍ਰਬੰਧ ਕੀਤੇ ਹਨ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਸਰਕਾਰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਲਈ ਵਚਨਬੱਧ ਹੈ।
ਉਨਾਂ ਕਿਹਾ ਕਿ ਵਿਦੇਸ਼ ਮੰਤਰਾਲਾ ਵਿਕਾਸ ਲਈ ਕੂਟਨੀਤਕ ਨੀਤੀਆਂ ਨਾਲ ਅੱਗੇ ਵਧ ਰਿਹਾ ਹੈ।ਵਿਦੇਸ਼ ਮੰਤਰਾਲੇ ਨੇ ਆਪਣੇ ਪ੍ਰਮੁੱਖ ਪ੍ਰੋਗਰਾਮਾਂ ਜਿਵੇਂ ਕਿ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ, ਸਟਾਰਟ ਅੱਪ ਇੰਡੀਆ, ਸਮਾਰਟ ਸਿਟੀਜ਼, ਸਵੱਛ ਭਾਰਤ ਅਭਿਆਨ ਆਦਿ ਰਾਹੀਂ ਆਪਣੇ ਆਪ ਨੂੰ ਰਾਸ਼ਟਰ ਦੀਆਂ ਵਿਕਾਸ ਦੀਆਂ ਤਰਜੀਹਾਂ ਨਾਲ ਜੋੜਿਆ ਹੈ।ਉਨਾਂ ਕਿਹਾ ਕਿ ਸਾਡਾ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ, ਜੋ ਸਾਨੂੰ ਸਾਫ਼-ਸੁਥਰੀ ਅਤੇ ਗ੍ਰੀਨ- ਆਰਥਿਕਤਾ ਬਣਨ ਦੇ ਟੀਚੇ ਤੱਕ ਪਹੁੰਚਣ ਵਿੱਚ ਮਦਦ ਕਰੇਗਾ ਅਤੇ ਤੁਸੀਂ ਇਸ ਤੱਥ ਤੋਂ ਜਾਣੂ ਹੋ ਕਿ ਪਿਛਲੇ ਸਾਲ ਯੂਕੇ ਦੇ ਗਲਾਸਗੋ ਵਿੱਚ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਦੀ ਪੰਚਾਮਿ੍ਰਤ ਰਣਨੀਤੀ ਦੀ ਰੂਪ ਰੇਖਾ ਉਲੀਕੀ ਸੀ। ਭਾਰਤ ਨੇ 2015 ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਪੰਜ ਵਚਨਬੱਧਤਾਵਾਂ ਦਾ ਐਲਾਨ ਕੀਤਾ ਸੀ ਅਤੇ 2030 ਤੱਕ, ਸਾਡੀਆਂ ਊਰਜਾ ਲੋੜਾਂ ਦਾ 45% ਗੈਰ-ਜੈਵਿਕ ਈਂਧਨ ਤੋਂ ਪੂਰਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡਿਗਰੀ ਵੰਡ ਸਮਾਗਮ ਦੌਰਾਨ 2021 ਪਾਸਆਊਟ ਹੋਏ 1025 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ, ਜਿਨਾਂ ’ਚ 920 ਵਿਦਿਆਰਥੀ ਐਮ.ਬੀ.ਏ ਕੋਰਸਾਂ ਨਾਲ ਸਬੰਧਿਤ ਸਨ ਜਦਕਿ 105 ਵਿਦਿਆਰਥੀ ਵੱਖ-ਵੱਖ ਇੰਜੀਨੀਅਰਿੰਗ ਕੋਰਸਾਂ ਨਾਲ ਸਬੰਧਿਤ ਸਨ।ਇਸ ਦੌਰਾਨ ਐਮ.ਬੀ.ਏ ਦੇ 679, ਬੈਂਕਿੰਗ ਅਤੇ ਫਾਈਨਾਂਸ ਇੰਜਨੀਅਰਿੰਗ ਦੇ 81, ਐਮ.ਬੀ.ਏ ਟੂਰਿਜ਼ਮ ਐਂਡ ਹੋਸਪਿਟੈਲਿਟੀ ਮੈਨੇਜਮੈਂਟ ਦੇ 31, ਸਟਰੈਟਜਿਕ ਐਚ.ਆਰ ਦੇ 37 ਅਤੇ ਐਮ.ਬੀ.ਏ ਬਿਜ਼ਨਸ ਐਨਾਲਿਟਿਕਸ ਦੇ 95 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮਾਸਟਰ ਆਫ਼ ਇੰਜਨੀਅਰਿੰਗ ਦੇ ਕੁੱਲ 105 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨਾਂ ਵਿੱਚ ਐਮ.ਈ ਆਟੋ ਮੋਬਾਈਲ ਦੇ 15, ਐਮ.ਈ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਆਰਟੀਫ਼ੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ) ਦੇ 10, ਕੰਪਿਊਟਰ ਸਾਇੰਸ ਇੰਜਨੀਅਰਿੰਗ ਦੇ 17, ਸਿਵਲ ਇੰਜਨੀਅਰਿੰਗ ਦੇ 12, ਐਮ.ਈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ 14, ਇਲੈਕਟ੍ਰੀਕਲ ਇੰਜੀਨੀਅਰਿੰਗ ਦੇ 22 ਅਤੇ ਮਕੈਨੀਕਲ ਇੰਜੀਨੀਅਰਿੰਗ ਦੇ 15 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਇਸ ਤੋਂ ਇਲਾਵਾ ਐਮ.ਬੀ.ਏ ਦੇ 5 ਹੋਣਹਾਰ ਵਿਦਿਆਰਥੀਆਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ, ਜਿਸ ’ਚ ਐਮ.ਬੀ.ਏ ਦੀ ਹਰਪ੍ਰੀਤ ਕੌਰ, ਬਿਜਨੈਸ ਐਨਾਲਿਟਿਕਸ ਦੀ ਜਸਲੀਨ ਕੌਰ, ਬੈਂਕਿੰਗ ਐਂਡ ਫਾਈਨਾਂਸ ਦੀ ਮਨੂ ਗੋਇਲ, ਟੂਰਿਜ਼ਮ ਐਂਡ ਹੌਸਪਿਟਾਲਟੀ ਮੈਨੇਜਮੈਂਟ ਦੇ ਵਿਸ਼ਾਲ ਮੰਧਾਰ ਅਤੇ ਸਟ੍ਰੈਟਜਿਕ ਐਚ.ਆਰ ਦੀ ਗੁਰਪ੍ਰੀਤ ਕੌਰ ਦਾ ਨਾਮ ਸ਼ਾਮਲ ਹੈ।
ਵਿਦਿਆਰਥੀਆਂ ਨੂੰ ਆਪਣੀ ਪੜਾਈ ਸੰਪੂਰਨ ਕਰਨ ’ਤੇ ਵਧਾਈ ਦਿੰਦਿਆਂ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ.ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀ ਆਪਣੀ, ਸੂਝ, ਜਨੂੰਨ ਅਤੇ ਵਿਦਵਤਾ ਨਾਲ ਸਮਾਜਿਕ ਪੱਧਰ ’ਤੇ ਆਪਣੀ ਨਿਵੇਕਲੀ ਪਛਾਣ ਬਣਾਉਣ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿੰਦਗੀ ਦੇ ਮੁਕਾਮ ਨੂੰ ਹਾਸਲ ਕਰਨ ਲਈ ਸਵੈ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਸਵੈ ਵਿਕਾਸ ਕਰਕੇ ਸਵੈ ਕੰਮ ਕਰਨ ਨਾਲ ਜ਼ਿੰਦਗੀ ਦੀ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨਾਂ ਵਿਦਿਆਰਥੀਆਂ ਨੂੰ ਆਪਣੇ ਮਨ ’ਚ ਕੁੱਝ ਹਾਸਲ ਕਰਨ ਦੀ ਇੱਛਾ ਬਰਕਰਾਰ ਰੱਖਣ ਲਈ ਪ੍ਰੇਰਿਆ।
ਫ਼ੋਟੋ ਕੈਪਸ਼ਨ: ਚੰਡੀਗੜ ਯੂਨੀਵਰਸਿਟੀ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕਰਦੇ ਭਾਰਤ ਦੇ ਵਿਦੇਸ਼ ਸਕੱਤਰ ਸ਼੍ਰੀ ਹਰਸ਼ਵਰਧਨ ਸ਼ਿ੍ਰੰਗਲਾ, ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਹੋਰ।
ਫ਼ੋਟੋ ਕੈਪਸ਼ਨ: ਚੰਡੀਗੜ ਯੂਨੀਵਰਸਿਟੀ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ ਦੌਰਾਨ ਡਿਗਰੀਆਂ ਪ੍ਰਾਪਤ ਕਰਨ ਸਮੇਂ ਖੁਸ਼ੀ ਦਾ ਇਜ਼ਹਾਰ ਕਰਦੇ ਐਮ.ਬੀ.ਏ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀ।