ਚੰਡੀਗੜ੍ਹ : ਰਾਜਪੁਰਾ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਪਣੀ ਇਕ ਇੰਟਰਵਿਊ ਵਿਚ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਹੁੰਦੇ ਤਾਂ ਕਾਂਗਰਸ ਦਾ ਇਹ ਹਾਲ ਨਾ ਹੁੰਦਾ। ਉਨ੍ਹਾਂ ਨਵਜੋਤ ਸਿੰਘ ਸਿੱਧੂ ’ਤੇ ਵਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਕਾਂਗਰਸ 70 ਸੀਟਾਂ ਨਾਲ ਜਿੱਤੀ ਸੀ। ਪਰ ਸਿੱਧੂ ਦੇ ਸਮੇਂ ਕਾਂਗਰਸ ਨੂੰ ਵੱਡੀ ਹਾਰ ਦਾ ਮੁੰਹ ਦੇਖਣਾ ਪਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਕਦੇ ਉਨ੍ਹਾਂ ਦੇ ਹਲਕੇ ਵਿੱਚ ਗੇੜਾ ਮਾਰਨਾ ਤਾਂ ਦੂਰ ਸਗੋਂ ਉਨ੍ਹਾਂ ਦਾ ਫ਼ੋਨ ਤੱਕ ਨਹੀਂ ਚੁਕਿਆ।
ਜ਼ਿਕਰਯੋਗ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਇਆ ਗਿਆ ਸੀ ਤਾਂ ਉਨ੍ਹਾਂ ਨੂੰ ਮਿਲਣ ਲਈ ਨਵਜੋਤ ਸਿੱਧੂ ਉਨ੍ਹਾਂ ਦੇ ਕੋਲ ਆਏ ਸਨ ਅਤੇ ਮਦਨ ਲਾਲ ਜਲਾਲਪੁਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਮੋਰਚਾ ਖੋਲਿਆ ਸੀ। ਮਦਨ ਲਾਲ ਜਲਾਲਪੁਰ ਨੇ ਤਾਂ ਇਹ ਵੀ ਆਖ ਦਿੱਤਾ ਸੀ ਕਿ ਇਹ ਹਲਕਾ ਨਵਜੋਤ ਸਿੱਧੂ ਦਾ ਹਲਕਾ ਹੈ। ਇਸ ਮੌਕੇ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਜੇਕਰ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਸੌਂਪੀ ਹੁੰਦੀ ਤਾਂ ਉਹ ਮੁੜ ਮੁੱਖ ਮੰਤਰੀ ਹੁੰਦੇ।
ਜ਼ਿਕਰਯੋਗ ਹੈ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਫ਼ਿਰੰਗੀ ਆਖਦਿਆਂ ਕਿਹਾ ਕਿ ਨਵਜੋਤ ਸਿੱਧੂ ਜਦੋਂ ਤੋਂ ਪਾਰਟੀ ਵਿਚ ਆਇਆ ਹੈ ਉਦੋਂ ਤੋਂ ਸਾਡੀ ਪਾਰਟੀ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਸਾਡੇ ਬਜ਼ੂਰਗਾਂ ਨੇ ਪਾਰਟੀ ਲਈ ਬਹੁਤ ਕੁੱਝ ਕੀਤਾ ਪਰ ਬਾਹਰ ਤੋਂ ਆਉਣ ਵਾਲੇ ਫ਼ਿਰੰਗੀਆ ਨੇ ਸਭ ਕੁੱਝ ਤਬਾਹ ਕਰ ਦਿੱਤਾ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਗਿਆਨੀ ਜ਼ੈਲ ਵਿਚ ਸੀ.ਐਮ. ਸਨ ਤਾਂ ਅਜਿਹੇ ਕਿਸੇ ਨੇਤਾ ਨੂੰ ਲੈ ਕੇ ਚਰਚਾ ਹੋਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬਾਹਰ ਤੋਂ ਆਉਣ ਵਾਲੇ ਮੰਤਰੀ ਤਾਂ ਬਣ ਸਕਦੇ ਹਨ ਪਰ ਜ਼ਿਲ੍ਹਾ ਪ੍ਰਧਾਨ ਨਹੀਂ। ਸੁਖਜਿੰਦਰ ਰੰਧਾਵਾ ਦੇ ਇਸ ਬਿਆਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਨਹੀਂ ਦੇਖਣਾ ਚਾਹੁੰਦੇ।