ਮੋਹਾਲੀ : ਵਿਸ਼ਵ ਵਾਤਾਵਰਨ ਦਿਵਸ ਮੌਕੇ ’ਤੇ ਮੋਹਾਲੀ ਏਡੀਸੀ (ਸ਼ਹਿਰੀ ਵਿਕਾਸ) ਪੂਜਾ ਸਿਆਲ ਗਰੇਵਾਲ ਨੇ ਮੋਹਾਲੀ ਸਥਿਤ ਗੈਰ ਸਰਕਾਰੀ ਸੰਸਥਾ ਰਾਊਂਡਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੋਹਾਲੀ ਜ਼ਿਲ੍ਹੇ ਦੇ ਖਰੜ ਬਲਾਕ ਦੇ ਹਰੇਕ ਪਿੰਡ ਵਿੱਚ ਵੇਸਟ ਮੈਨੇਜਮੈਂਟ ਯੂਨਿਟ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ।
ਪੂਜਾ ਸਿਆਲ ਗਰੇਵਾਲ ਨੇ ਇਹ ਐਲਾਨ ਮੋਹਾਲੀ ਦੇ ਪਿੰਡ ਸਰਸੀਣੀ ਵਿਖੇ ਵੇਸਟ ਮੈਨੇਜਮੈਂਟ ਯੂਨਿਟ ਦਾ ਦੌਰਾ ਕਰਦਿਆਂ ਕੀਤਾ, ਜਿਸਨੂੰ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਸਥਾਪਿਤ ਅਤੇ ਸੰਚਾਲਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸ਼ਿਰਕਤ ਕੀਤੀ ਅਤੇ ਬੂਟੇ ਵੀ ਲਗਾਏ।
ਇਸ ਮੌਕੇ ’ਤੇ ਸ਼੍ਰੀ ਅਮਿਤ ਤਲਵਾਰ, ਡਿਪਟੀ ਕਮਿਸ਼ਨਰ, ਮੋਹਾਲੀ ਨੇ ਕਿਹਾ ਕਿ “ਇੱਕ ਟਿਕਾਊ ਅਤੇ ਕੁਸ਼ਲ ਵੇਸਟ ਮੈਨੇਜਮੈਂਟ ਸਿਸਟਮ ਸਥਾਪਤ ਕਰਨਾ ਇੱਕ ਸਾਫ਼-ਸੁਥਰੇ ਅਤੇ ਹਰੇ-ਭਰੇ ਪੰਜਾਬ ਦੀ ਉਸਾਰੀ ਵੱਲ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਕਦਮ ਹੈ। ਰਾਜ ਸਰਕਾਰ ਰਾਊਂਡਗਲਾਸ ਫਾਊਂਡੇਸ਼ਨ ਦੇ ਨਾਲ ਮਿਲ ਕੇ ਮੋਹਾਲੀ ਜ਼ਿਲੇ ਦੇ ਪਿੰਡਾਂ ਵਿੱਚ ਅਜਿਹੇ ਹੋਰ ਵੇਸਟ ਮੈਨੇਜਮੈਂਟ ਸਿਸਟਮ ਲਾਗੂ ਕਰਨਾ ਜਾਰੀ ਰੱਖੇਗੀ।
ਪਿਛਲੇ ਤਿੰਨ ਸਾਲਾਂ ਵਿੱਚ, ਰਾਊਂਡਗਲਾਸ ਫਾਊਂਡੇਸ਼ਨ ਨੇ ਪੰਜਾਬ 15 ਜ਼ਿਲ੍ਹਿਆਂ ਵਿੱਚ 115 ਵੇਸਟ ਮੈਨੇਜਮੈਂਟ ਪ੍ਰਾਜੈਕਟ ਲਾਗੂ ਕੀਤੇ ਹਨ, ਜਿਸ ਦੇ ਨਤੀਜੇ ਵਜੋਂ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ ਅਤੇ 21,761 ਪਰਿਵਾਰਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਵੀ ਪਹੁੰਚਿਆ ਹੈ। ਇਹ ਪ੍ਰੋਜੈਕਟ ਪੰਜਾਬ ਦੇ 15 ਜ਼ਿਲ੍ਹਿਆਂ - ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਪਟਿਆਲਾ, ਰੋਪੜ, ਸੰਗਰੂਰ, ਐਸ.ਏ.ਐਸ.ਨਗਰ ਅਤੇ ਐਸ.ਬੀ.ਐਸ.ਨਗਰ ਵਿੱਚ ਲਾਗੂ ਕੀਤਾ ਹੋਇਆ ਹੈ। ਇਨ੍ਹਾਂ ਵੇਸਟ ਮੈਨੇਜਮੈਂਟ ਪ੍ਰਾਜੈਕਟਾਂ ਦੇ ਸਦਕਾ 1200 ਟਨ ਖਾਦ ਵੀ ਪੈਦਾ ਕੀਤੀ ਗਈ ਹੈ।
ਫਾਊਂਡੇਸ਼ਨ ਨੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇੱਕ ਕੁਸ਼ਲ, ਲਾਗਤ-ਪ੍ਰਭਾਵਸ਼ਾਲੀ ਅਤੇ ਟਿਕਾਊ ਵੇਸਟ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਹੈ ਜੋ ਕਿ ਖਾਦ ਬਣਾਉਣ ਅਤੇ ਰੀਸਾਈਕਲਿੰਗ ਕਰਨ ਲਈ ਰਹਿੰਦ-ਖੂੰਹਦ ਨੂੰ ਵੱਖ ਕਰਨ ਦਾ ਇੱਕ ਪ੍ਰਭਾਵਸ਼ਾਲੀ ਮਾਡਲ ਹੈ। ਰਾਜ ਅਤੇ ਸਥਾਨਕ ਸੰਸਥਾਵਾਂ ਸਬਸਿਡੀ ਰਾਹੀਂ ਪ੍ਰੋਜੈਕਟ ਲਾਗਤ ਵਿੱਚ 70-75 ਪ੍ਰਤੀਸ਼ਤ ਅਤੇ ਫਾਊਂਡੇਸ਼ਨ ਇਸ ਲਾਗਤ ਵਿੱਚ 20-25 ਪ੍ਰਤੀਸ਼ਤ ਤੱਕ ਦਾ ਯੋਗਦਾਨ ਪਾਉਂਦੀ ਹੈ।
ਵੇਸਟ ਮੈਨੇਜਮੈਂਟ ਪਹਿਲਕਦਮੀ ਬਾਰੇ ਗੱਲ ਕਰਦਿਆਂ ਰਾਊਂਡਗਲਾਸ ਫਾਊਂਡੇਸ਼ਨ ਦੇ ਮੁਖੀ ਵਿਸ਼ਾਲ ਚਾਵਲਾ ਨੇ ਕਿਹਾ ਕਿ “ਸਾਡਾ ਉਦੇਸ਼ ਪੰਜਾਬ ਦੇ ਹਰ ਪਿੰਡ ਤੱਕ ਪਹੁੰਚ ਕੇ ਕੂੜੇ ਦੇ ਪ੍ਰਬੰਧਨ ਅਤੇ ਇਸਦੇ ਸਹੀ ਨਿਪਟਾਰੇ ਦੀ ਮਹੱਤਤਾ ਬਾਰੇ ਸਮੁੱਚੇ ਭਾਈਚਾਰੇ ਨੂੰ ਜਾਗਰੂਕ ਕਰਨਾ ਹੈ। ਨਵੇਂ ਵੇਸਟ ਮੈਨੇਜਮੈਂਟ ਸੈਂਟਰਾਂ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਘਰਾਂ ਵਿੱਚ ਪੈਦਾ ਹੋਣ ਵਾਲੀ ਰਹਿੰਦ-ਖੂੰਹਦ ਨੂੰ ਅਲੱਗ-ਥਲੱਗ ਕਰਨ, ਰੀਸਾਈਕਲ ਕਰਨ ਅਤੇ ਖਾਦ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਉਦੇਸ਼ ਤਹਿਤ ਰਾਊਂਡਗਲਾਸ ਪਿੰਡਾਂ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਨਾਲ਼-ਨਾਲ਼ ਪਿੰਡ ਵਿੱਚੋਂ ਰੂੜੀਆਂ ਅਤੇ ਸਥਾਨਕ ਜਲ ਸਰੋਤਾਂ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰ ਰਹੀ ਹੈ। ਅਸੀਂ ਸਾਫ਼-ਸੁਥਰੇ ਅਤੇ ਸਿਹਤਮੰਦ ਪੰਜਾਬ ਦੀ ਉਸਾਰੀ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਸੰਕਲਪ ਲਿਆ ਹੈ ਅਤੇ ਇਸ ਸਬੰਧੀ ਹਰ ਸੰਭਵ ਯਤਨ ਕਰ ਰਹੇ ਹਾਂ। ਇਸ ਦੇ ਨਾਲ ਹੀ, ਅਸੀਂ ਪੰਜਾਬ ਭਰ ਵਿੱਚ ਆਪਣੇ ਵੇਸਟ ਮੈਨੇਜਮੈਂਟ ਸੈਂਟਰਾਂ ਦਾ ਵਿਸਥਾਰ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਾਂ।"
****
ਰਾਊਂਡਗਲਾਸ ਫਾਊਂਡੇਸ਼ਨ ਬਾਰੇ
2018 ਵਿੱਚ ਰਾਊਂਡਗਲਾਸ ਫਾਊਂਡੇਸ਼ਨ ਨੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਨਿਵੇਸ਼ ਕਰਕੇ ਪੰਜਾਬ ਨੂੰ ਹੋਰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਦੀ ਯਾਤਰਾ ਸ਼ੁਰੂ ਕੀਤੀ। ਫਾਊਂਡੇਸ਼ਨ ਬੱਚਿਆਂ, ਜਵਾਨਾਂ, ਔਰਤਾਂ, ਅਤੇ ਵਾਤਾਵਰਣ ਨੂੰ ਪ੍ਰਫੁਲਿਤ ਕਰਨ ਲਈ, ਬੱਚਿਆਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਲਈ ਅਤੇ ਇੱਕ ਸੁਹਣੇ ਪੰਜਾਬ ਦੀ ਉਸਾਰੀ ਲਈ ਵਚਨਬੱਧ ਹੈ।
ਪਿਛਲੇ ਤਿੰਨ ਸਾਲਾਂ ਦੌਰਾਨ, ਰਾਊਂਡਗਲਾਸ ਫਾਊਂਡੇਸ਼ਨ ਨੇ ਆਪਣੇ ਪ੍ਰੋਗਰਾਮਾਂ (1) ਲਰਨ ਪੰਜਾਬ: ਜੋ ਬੱਚਿਆਂ ਅਤੇ ਜਵਾਨਾਂ ਦੀ ਪੜ੍ਹਾਈ ਅਤੇ ਖੇਡਾਂ ਸਬੰਧੀ ਕੰਮ ਕਰਦਾ ਹੈ, (2) ਹਰ ਪੰਜਾਬ: ਜੋ ਔਰਤਾਂ ਦੇ ਵਿਕਾਸ ਲਈ ਕੰਮ ਕਰਦਾ ਹੈ, (3) ਸਸਟੇਨ ਪੰਜਾਬ: ਜੋ ਜੰਗਲਾਂ ਦੀ ਸਥਾਪਨਾ, ਰਹਿੰਦ-ਖੂੰਹਦ ਪ੍ਰਬੰਧਨ, ਅਤੇ ਮੁੜ ਪੈਦਾਵਾਰ ਵਾਲੀ ਖੇਤੀ ਸਬੰਧੀ ਕੰਮ ਕਰਦਾ ਹੈ, ਰਾਹੀਂ 750 ਪਿੰਡਾਂ ਵਿੱਚ 700,000 ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਕੀਤਾ ਹੈ।