ਬਰੈਂਪਟਨ, ਕੈਨੇਡਾ : ਅੱਜ ਬਰੈਂਪਟਨ ਦੇ ਕੈਸੀ ਕੈਂਬਲ ਸੈਂਟਰ ’ਚ ‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਪੰਜਾਬ ਤੋਂ ਇਨਕਲਾਬੀ ਲਹਿਰ ਦੇ ਆਗੂ ਕੰਵਲਜੀਤ ਖੰਨਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਹਨਾਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਸਮਾਜਿਕ ਕਾਰਕੁੰਨਾਂ ਨਾਲ ‘ਨਿਘਰ ਰਿਹਾ ਸੰਸਾਰ ਅਰਥਚਾਰਾ ਅਤੇ ਲਹਿਰ ਦੀ ਮਜ਼ਬੂਤੀ ਤੇ ਏਕਤਾ’ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਇਸ ਸਮੇਂ ਪੂਰਾ ਸੰਸਾਰ ਆਰਥਿਕ ਸੰਕਟ ਦੇ ਮੁਹਾਣ ਤੇ ਖੜਾ ਹੈ। ਕਰੋਨਾ ਕਾਲ ਅਤੇ ਯੂਕਰੇਨ ਜੰਗ ਨੇ ਵਿਸ਼ਵ ਆਰਥਿਕ ਸੰਕਟ ਨੂੰ ਹੋਰ ਵੱਧ ਗਹਿਰਾ ਕਰ ਦਿੱਤਾ ਹੈ। ਸ਼੍ਰੀਲੰਕਾ, ਅਰਜਨਟੀਨਾ, ਵੈਨਜ਼ੂਏਲਾ, ਲਿਬਨਾਨ ਆਦਿ ਸੰਸਾਰ ਦੇ ਪੱਛੜੀਆਂ ਆਰਥਿਕਤਾਵਾਂ ਵਾਲੇ ਦੇਸ਼ ਘੋਰ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਮੁਲਕਾਂ ਉੱਤੇ ਸਾਮਰਾਜੀ ਬਹੁਕੌਮੀ ਕੰਪਨੀਆਂ, ਸੰਸਾਰ ਵਪਾਰ ਸੰਸਥਾ ਤੇ ਆਈਐੱਮਐੱਫ ਦੇ ਭਾਰੀ ਕਰਜ਼ਿਆਂ ਦਾ ਬੋਝ ਹੈ। ਸਾਮਰਾਜੀ ਮੁਲਕਾਂ ਦੀਆਂ ਦਿਸ਼ਾ ਨਿਰਦੇਸ਼ ਨਵਉਦਾਰਵਾਦੀ ਨੀਤੀਆਂ ਨੇ ਦੁਨੀਆਂ ਦੇ ਇਹਨਾਂ ਪੱਛੜੇ ਮੁਲਕਾਂ ਦੇ ਪਬਲਿਕ ਸੈਕਟਰ ਨੂੰ ਤਬਾਹ ਕਰਕੇ ਨਿੱਜੀ ਕਾਰਪੋਰੇਟਾਂ ਦੇ ਰਹਿਮੋ-ਕਰਮ ਉੱਤੇ ਛੱੱਡ ਦਿੱਤਾ ਹੈ। ਨਿੱਜੀ ਕਾਰਪੋਰੇਟ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਉਹਨਾਂ ਨੂੰ ਸਬਸਿਡੀਆਂ, ਕਰਜ਼ਾ ਮੁਆਫੀ, ਕਰਾਂ ਵਿੱਚ ਛੋਟ ਦਿੱਤੀ ਜਾ ਰਹੀ ਹੈ ਜਿਸ ਕਾਰਨ ਦੁਨੀਆਂ ਵਿੱਚ ਅਮੀਰੀ-ਗਰੀਬੀ ਦਾ ਪਾੜਾ ਵੱਧ ਰਿਹਾ ਹੈ। ਚੰਦ ਕੁ ਹੱਥਾਂ ਵਿੱਚ ਦੌਲਤ ਇਕੱਠੀ ਹੋ ਰਹੀ ਹੈ ਅਤੇ ਬਹੁਗਿਣਤੀ ਘੋਰ ਗੁਰਬਤ ਵਿੱਚ ਗੁਜ਼ਰ-ਬਸਰ ਕਰਨ ਲਈ ਮਜ਼ਬੂਰ ਹੋ ਰਹੀ ਹੈ। ਸੰਸਾਰ ਭਰ ਵਿੱਚ ਮਹੰਗਾਈ ਅਤੇ ਸਮਾਜਿਕ ਅਨਿਆਂ ਵੱਧ ਰਿਹਾ ਹੈ। ਵਾਤਾਵਰਣ ਤੇ ਖਾਦ ਸੰਕਟ ਦੇ ਨਾਲ-ਨਾਲ ਰੀਅਲ ਅਸਟੇਟ, ਖੇਤੀਬਾੜੀ ਅਤੇ ਮੈਨੂਫੈਕਚਰਿੰਗ ਖੇਤਰ ਸੰਕਟ ਵਿੱਚ ਆਇਆ ਹੋਇਆ ਹੈ। ਭਾਰਤ ਵੀ ਵਿਸ਼ਵ ਆਰਥਿਕਤਾ ਦਾ ਇੱਕ ਅੰਗ ਹੈ। ਭਾਰਤ ਦੇ ਰੁਪਈਏ ਦੀ ਕੀਮਤ ਦਿਨੋਂ ਦਿਨ ਡਿੱਗ ਰਹੀ ਹੈ ਅਤੇ ਭਾਰਤ ਦਾ ਵਿੱਤੀ ਘਾਟਾ, ਚਾਲੂ ਖਾਤੇ ਦਾ ਘਾਟਾ ਤੇ ਵਿਦੇਸ਼ੀ ਵਪਾਰ ਦਾ ਘਾਟਾ ਲਗਾਤਾਰ ਵਧਣ ਕਾਰਨ ਭਾਰਤ ਦੇ ਵਿਦੇਸ਼ੀ ਰਿਜ਼ਰਵ ਲਗਾਤਾਰ ਲਗਾਤਾਰ ਘਟ ਰਹੇ ਹਨ। ਭਾਰਤ ਅੰਦਰ ਮੋਦੀ ਹਕੂਮਤ ਵੱਲੋਂ ਜਮਹੂਰੀ ਹੱਕਾਂ ਦੇ ਕਾਰਕੁੰਨਾਂਂ (ਸੀਤਲਾਵਾੜ, ਹਿਮਾਂਸ਼ੂ ਕੁਮਾਰ ਆਦਿ) ਨੂੰ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ।
ਸ੍ਰੀ ਕੰਵਲਜੀਤ ਖੰਨਾ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੀ ਅਗਵਾਈ ਕਰਦੇ ਪੰਜਾਬ ਦੇ ਕਿਸਾਨ ਆਗੂ ਮੋਦੀ ਹਕੂਮਤ ਦੀਆਂ ਅੱਖਾਂ ਵਿੱਚ ਰੜਕ ਰਹੇ ਹਨ ਹੁਣ ਆਉਣ ਵਾਲੇ ਸਮੇਂ ਅੰਦਰ ਭਾਜਪਾ ਦਾ ਪੂਰਾ ਜ਼ੋਰ ਪੰਜਾਬ ਅੰਦਰ ਸਿਆਸੀ ਪਾਵਰ ਕੈਪਚਰ ਕਰਨ 'ਤੇ ਲੱਗਿਆ ਹੋਇਆ ਹੈ। ਪੰਜਾਬ ਅੰਦਰ ਮੋਦੀ ਹਕੂਮਤ ਵੱਲੋਂ ਸਿਆਸੀ ਸੱਤਾ ਹਾਸਲ ਕਰਨ 'ਤੇ ਪੰਜਾਬ ਅੰਦਰ ਵੱਡਾ ਦਹਿਸ਼ਤੀ ਹਮਲਾ ਹੋ ਸਕਦਾ ਹੈ ਅਤੇ ਪੰਜਾਬ ਅੰਦਰ ਜਮਹੂਰੀ ਹੱਕਾਂ ਦੀ ਹਾਲਤ ਬਹੁਤ ਮਾੜੀ ਹੋ ਸਕਦੀ ਹੈ। ਇਸ ਹਾਲਤ ਸਨਮੁੱਖ ਕਮਿਊਨਿਸਟ ਇਨਕਲਾਬੀਆਂ ਅਤੇ ਖ਼ਰੀਆਂ ਜਮਹੂਰੀ ਸ਼ਕਤੀਆਂ ਨੂੰ ਇਸ ਹਮਲੇ ਵਿਰੁੱਧ ਹੁਣੇ ਤੋਂ ਹੀ ਜ਼ੋਰਸ਼ੋਰ ਨਾਲ ਤਿਆਰੀ ਵਿੱਢ ਦੇਣੀ ਚਾਹੀਦੀ ਹੈ। ਇਸ ਕਰਕੇ ਸਾਨੂੰ ਇਸ ਘਿਨਾਉਣੇ ਫਿਰਕੂ ਫਾਸ਼ੀਵਾਦ ਹਮਲੇ ਵਿਰੁੱਧ ਮੌਜੂਦਾ ਫਾਸ਼ੀਵਾਦੀ ਵਿਰੋਧੀ ਫਰੰਟ ਦੇ ਨਾਲ-ਨਾਲ ਵਿਸ਼ਾਲ ਤੋਂ ਵਿਸ਼ਾਲ ਸਾਂਝਾ ਜਨਤਕ ਮੋਰਚਾ ਬਣਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਸਰਗਰਮ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀਆਂ ਸਾਰੀਆ ਡੈਮੋਕਰੇਟਿਕ ਸ਼ਕਤੀਆਂ ਨੂੰ ਇੱਕ ਪਲੇਟਫਾਰਮ 'ਤੇ ਇੱਕੱਠੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਅੰਦਰ ਸਾਰੀਆਂ ਜਨਤਕ ਜਥੇਬੰਦੀਆਂ ਦਾ ਆਪੋ-ਆਪਣੇ ਸੰਘਰਸ਼ ਲੜਨ ਸਮੇਂ ਵੀ ਸਾਰਾ ਜ਼ੋਰ ਫਾਸ਼ਿਜ਼ਮ ਵਿਰੁੱਧ ਘੋਲ 'ਤੇ ਰਹਿਣਾ ਚਾਹੀਦਾ ਹੈ। ਸਾਨੂੰ ਪੰਜਾਬ ਦਾ ਫਾਸ਼ਿਜਮ ਵਿਰੋਧੀ ਘੋਲ ਇਸ ਤਰ੍ਹਾਂ ਵਿਕਸਤ ਕਰਨਾ ਚਾਹੀਦਾ ਹੈ ਕਿ ਇਹ ਕਿਸਾਨ ਅੰਦੋਲਨ ਵਾਂਗ ਸਾਰੇ ਭਾਰਤ ਲਈ ਮਿਸਾਲ ਬਣ ਜਾਵੇ।
ਇਸ ਸਮੇਂ ਵਿਦਿਆਰਥੀ ਆਗੂ ਮਨਪ੍ਰੀਤ ਕੌਰ, ਹਰਿੰਦਰ ਸਿੰਘ, ਨੌਜਵਾਨ ਸਪੋਰਟ ਨੈੱਟਵਰਕ ਦੇ ਆਗੂ ਬਿਕਰਮ ਕੁੱਲੇਵਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮਾਸਟਰ ਰਾਮ ਕੁਮਾਰ ਭਦੌੜ ਨੇ ਇਨਕਲਾਬੀ ਗੀਤ ਸੁਣਾਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨੌਜਵਾਨ ਆਗੂ ਮਨਦੀਪ ਨੇ ਮੌਜੂਦਾ ਵਿਸ਼ਵ ਆਰਥਿਕਤਾ ਤੇ ਸ਼ਹੀਦ ਊਧਮ ਸਿੰਘ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਤਰਕਸ਼ੀਲ ਆਗੂ ਬਲਦੇਵ ਰਹਿਪਾ ਨੇ ਸੈਮੀਨਾਰ ਵਿੱਚ ਹਾਜ਼ਰ ਸ੍ਰੋਤਿਆਂ ਦਾ ਧੰਨਵਾਦ ਕੀਤਾ।
ਇਸ ਸਮੇਂ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ, ਡਾ. ਬਲਜਿੰਦਰ ਸੇਖੋਂ, ਸੁਰਜੀਤ ਦੌਧਰ, ਬਲਰਾਜ ਸ਼ੋਕਰ ਤੋਂ ਇਲਾਵਾ ਮਾਸਟਰ ਰਾਮ ਕੁਮਾਰ, ਚਰਨਜੀਤ ਬਰਾੜ, ਕੁਲਵਿੰਦਰ ਖਹਿਰਾ, ਰਵਿੰਦਰ ਸਹਿਰਾਅ, ਪੱਤਰਕਾਰ ਸਤਪਾਲ ਜੌਹਲ, ਬਲਦੇਵ ਸਹਿਦੇਵ, ਕੁਲਦੀਪ ਰੰਧਾਵਾ, ਕੁਲਦੀਪ ਬੋਪਾਰਾਏ, ਅਮਰਜੀਤ ਬਾਈ, ਨਾਹਰ ਸਿੰਘ ਔਜਲਾ, ਗੁਰਤੇਜ ਖੋਖਰ, ਦੇਵਿੰਦਰ ਤੂਰ, ਜੰਗੀਰ ਸਿੰਘ ਸੈਂਭੀ, ਜੰਗੀਰ ਜੋਗਾ, ਬਲਜੀਤ ਬੈਂਸ, ਖੁਸ਼ਪਾਲ ਗਰੇਵਾਲ, ਵਰੁਣ ਖੰਨਾ ਆਦਿ ਵੱਖ-ਵੱਖ ਖੇਤਰ ਨਾਲ ਸਬੰਧਿਤ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।