ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੀਤੇ ਦਿਨੀਂ ਕੋਲਕਾਤਾ ਦੀ ਇਕ ਮੋਬਾਈਲ ਗੇਮਿੰਗ ਐਪ ਕੰਪਨੀ ਦੇ 6 ਠਿਕਾਣਿਆਂ ’ਤੇ ਛਾਪਾ ਮਾਰ ਕੇ ਵੱਡੀ ਗਿਣਤੀ ਵਿਚ ਕੈਸ਼ ਬਰਾਮਦ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ ਅਤੇ ਪੈਸਿਆਂ ਦੀ ਗਿਣਤੀ ਲਈ 5 ਮਸ਼ੀਨਾਂ ਵੀ ਲਿਆਉਣੀਆਂ ਪਈਆਂ।
ਵੱਖ ਵੱਖ ਖ਼ਬਰ ਏਜੰਸੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੋਲਕਾਤਾ ਸਥਿਤ ਮੋਬਾਈਲ ਗੇਮਿੰਗ ਐਪ ਕੰਪਨੀ ਈ ਨਗੇਟਸ ਦੇ 6 ਠਿਕਾਣਿਆਂ ’ਤੇ ਈ.ਡੀ. ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਅਤੇ ਇਨ੍ਹਾਂ ਥਾਵਾਂ ’ਤੋਂ 2000, 500 ਅਤੇ 200 ਦੇ ਨੋਟਾਂ ਦੇ ਵੱਡੀ ਗਿਣਤੀ ਵਿਚ ਬੰਡਲ ਬਰਾਮਦ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਖਿਲਾਫ਼ ਮਿਲੀਆਂ ਠੱਗੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਸ ਕਾਰਵਾਈ ਨੂੰ ਅਮਲ ਵਿਚ ਲਿਆਉਣਾ ਪਿਆ। ਕੰਪਨੀ ਚਲਾਉਣ ਵਾਲਿਆਂ ’ਤੇ ਮਨੀ ਲਾਂਡਰਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।