ਐਸ ਏ ਐਸ ਨਗਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਤਹਿਤ ਬੱਬੀ ਬਾਦਲ ਫਾਊਂਡੇਸ਼ਨ “ਦਾ ਰੈਚ” ਦੀ ਅਗਵਾਈ ਵਿੱਚ ਕਰਵਾਏ ਗਏ ਚੰਡੀਗੜ੍ਹ ਹੋਰਸ ਸ਼ੋਅ ਦੇ ਆਖਰੀ ਦਿਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸਪੀਕਰ ਪੰਜਾਬ ਵਿਧਾਨ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੋੜ ਸਵਾਰੀ ਦੀ ਵਿਰਾਸਤੀ ਖੇਡ ਨੌਜਵਾਨਾਂ ਦੇ ਖੂਨ ਵਿੱਚ ਹੈ। ਉਨ੍ਹਾਂ ਬੱਬੀ ਬਾਦਲ ਫਾਊਂਡੇਸ਼ਨ "ਦਾ ਰੈਚ" ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਹੋਰਸ ਸ਼ੋਅ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਦਾ ਹੈ। ਉਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਖੇਡ ਮੰਤਰੀ ਨਾਲ ਗੱਲ ਕਰਕੇ ਘੋੜ ਸਵਾਰੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਨਗੇ। ਉਨ੍ਹਾਂ ਕਿਹਾ ਕਿ ਖੇਡਾਂ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਢੁਕਵਾਂ ਹੱਲ ਹਨ। ਉਨ੍ਹਾਂ ਕਿਹਾ ਕਿ ਘੋੜ ਸਵਾਰੀ ਦੀ ਖੇਡ ਵਿੱਚ ਅੱਜ ਲੋਕਾਂ ਦੀ ਰੂਚੀ ਨੂੰ ਵੇਖਦਿਆਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵਧੀਆਂ ਘੋੜ ਸਵਾਰ ਨਿਖਰ ਕੇ ਸਾਹਮਣੇ ਆਉਣਗੇ, ਜੋ ਪੰਜਾਬ ਦਾ ਨਾਂ ਰੌਸ਼ਨ ਕਰਨਗੇ।
ਇਸ ਮੌਕੇ ਤੇ ਬੋਲਦਿਆਂ “ਦਾ ਰੈਚ” ਟੀਮ ਦੇ ਪ੍ਰਬੰਧਕ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਹੋਮਲੈਂਡ ਚੰਡੀਗੜ੍ਹ ਹੋਰਸ ਸ਼ੋਅ ਦਾ ਆਖਰੀ ਦਿਨ ਯਾਦਗਾਰੀ ਹੋ ਨਿੱਬੜਿਆ ਹੈ। ਇਸ ਹੋਰਸ ਸ਼ੋਅ ਵਿੱਚ ਵੱਖ ਵੱਖ ਨਸਲਾਂ ਦੇ ਘੋੜਿਆਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਕਰਤੱਵਾਂ ਨਾਲ ਟਰਾਈਸਿਟੀ ਤੋਂ ਪਹੁੰਚੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਹੋਰਸ ਸ਼ੋਅ ਵਿੱਚ ਬਹਾਰਲੇ ਦੇਸ਼ਾਂ ਤੋਂ ਲਿਆਂਦੇ ਘੋੜਿਆਂ ਨੇ ਵੀ ਮਨਮੋਹਕ ਜੌਹਰ ਦਿਖਾਏ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਰਵਾਏ ਜਾਣ ਵਾਲੀ ਅਜਿਹੀ ਖੇਡ ਵਿੱਚ ਹੋਰ ਨਿਖਾਰ ਲਿਆਂਦਾ ਜਾਵੇਗਾ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਘੋੜੇ ਮਗਵਾ ਕੇ ਇਸ ਖੇਡ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕੀਤਾ ਜਾਵੇਗਾ ਜੋ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਹੋਰ ਵੀ ਆਕਰਸ਼ਿਤ ਕਰੇਗਾ।
ਇਸ ਮੌਕੇ ਵੱਡੇ ਪ੍ਰਸ਼ਾਸ਼ਨਿਕ ਅਧਿਕਾਰੀ ਅਨੁਰਾਗ ਵਰਮਾ, ਡਾ. ਅਨੁਭਵ ਤਿਰਖਾ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਐਸ ਐਸ ਪੀ ਚੰਡੀਗੜ ਕੁਲਦੀਪ ਸਿੰਘ ਚਾਹਲ, ਅਮਨਿੰਦਰ ਕੌਰ, ਤਰਸੇਮ ਚੰਦ, ਆਈ.ਜੀ.ਆਈ.ਐਸ.ਦੁਹਾਨ ਤੋਂ ਇਲਾਵਾ ਮਨਜੀਤ ਸਿੰਘ ਸਿੱਧੂ, ਨਰਿੰਦਰ ਸਿੰਘ ਸ਼ੇਰਗਿੱਲ, ਹਰਜਿੰਦਰ ਸਿੰਘ ਖੋਸਾ, ਰਣਜੀਤ ਸਿੰਘ ਬਰਾੜ, ਦੀਪਇੰਦਰ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਹਰਪ੍ਰੀਤ ਸਿੰਘ, ਗੁਰਿੰਦਰ ਸਿੰਘ ਆਦਿ ਮੌਜੂਦ ਸਨ।