ਐਸ.ਏ.ਐਸ ਨਗਰ : ਅੱਜ ਜਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ “ਉਡਾਰੀਆਂ- ਬਾਲ ਵਿਕਾਸ ਮੇਲਾ” ਜੋ ਕਿ ਮੇਰਾਕੀ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਭਰ ਵਿਚ 16 ਤੋਂ 20 ਨਵੰਬਰ, 2022 ਤੱਕ ਮਨਾਇਆ ਜਾ ਰਿਹਾ ਹੈ, ਦੇ ਉਦਘਾਟਨੀ ਸਮਾਰੋਹ ਦਾ ਆਯੋਜਨ ਜਿਲ੍ਹੇ ਦੇ ਵੱਖ-ਵੱਖ ਬਲਾਕਾ ਵਿੱਚ ਕੀਤਾ ਗਿਆ । ਇਸ ਵਿੱਚ ਉਦਘਾਟਨੀ ਸਮਰੋਹ ਵਿੱਚ 0 ਤੋਂ 6 ਸਾਲ ਦੇ ਬੱਚੇ, ਬੱਚਿਆ ਦੇ ਮਾਪੇ ਅਤੇ ਪਿੰਡਾ ਦੇ ਪੰਚਾਇਤ ਮੈਂਬਰ ਹਾਜ਼ਰ ਹੋਏ ।
ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਨੇ ਦੱਸਿਆ ਕਿ ਜਿਲ੍ਹੇ ਅਧੀਨ ਬਲਾਕ ਡੇਰਾਬੱਸੀ ਵਿਚ ਸਰਕਾਰੀ ਐਲੀਮੈਂਟਰੀ ਸਕੂਲ, ਸ਼ੇਖਪੁਰ ਕਲਾਂ, ਬਲਾਕ ਮਾਜਰੀ ਦੇ ਪਿੰਡ ਫਤਿਹਗੜ੍ਹ, ਬਲਾਕ ਖਰੜ-2 ਦੇ ਫੇਜ਼-2, ਮੌਹਾਲੀ ਅਤੇ ਬਲਾਕ ਖਰੜ-1 ਦੇ ਘੜੂੰਆ ਦੇ ਆਂਗਣਵਾੜੀ ਸੈਂਟਰਾਂ ਵਿਖੇ ਬਲਾਕ ਪੱਧਰ ਦੇ ਉਦਘਾਟਨੀ ਸਮਾਰੋਹ ਆਯੋਜਿਤ ਕੀਤੇ ਗਏ । ਇਸ ਤੋਂ ਇਲਾਵਾ ਜਿਲ੍ਹੇ ਦੇ ਬਾਕੀ ਆਂਗਣਵਾੜੀ ਸੈਂਟਰਾਂ ਵਿਖੇ ਪਿੰਡ,ਵਾਰਡ ਪੱਧਰ ਤੇ ਵੀ ਉਦਘਾਟਨੀ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਸਮਾਰੋਹ ਵਿਚ ਹਾਜਰ ਬੱਚਿਆ ਅਤੇ ਮਾਪਿਆ ਨੂੰ ਇਸ ਮੇਲੇ ਦੌਰਾਨ ਵੱਖ- ਵੱਖ ਦਿਨਾ ਜਿਵੇਂ ਕਿ ਮਿਤੀ 17.11.2022 ਨੂੰ ਪੋਸ਼ਣ ਦਿਵਸ, ਮਿਤੀ 18.11.2022 ਨੂੰ ਦਾਦਾ-ਦਾਦੀ, ਨਾਨਾ-ਨਾਨੀ ਦਿਵਸ, ਮਿਤੀ 19.11.2022 ਨੂੰ ਬਾਲ ਸਰਪੰਚ ਦਿਵਸ ਅਤੇ ਮਿਤੀ 20.11.2022 ਨੂੰ ਸਕਾਰਾਤਮਕ ਪਾਲਣ-ਪੋਸ਼ਣ ਦਿਵਸ ਮੌਕੇ ਕੀਤੀਆ ਜਾਣ ਵਾਲੀਆਂ ਗਿਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਇਹਨਾ ਵੱਖ-ਵੱਖ ਸਮਾਗਮਾਂ ਵਿਚ ਭਾਗ ਲੈਣ ਲਈ ਸੱਦੇ ਪੱਤਰ ਵੀ ਵੰਡੇ ਗਏ।
ਇਸ ਦੌਰਾਨ ਕਿਹਾ ਕਿ ਬੱਚਿਆਂ ਲਈ ਇੱਕ ਸੁਰੱਖਿਅਤ, ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨ ਲਈ ਬਹੁਤ ਸਾਰੇ ਲੋਕਾਂ ਦੀ ਲੋੜ ਹੁੰਦੀ ਹੈ, ਜਿੱਥੇ ਬੱਚਿਆਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ, ਜਿਸਦੀ ਉਹਨਾਂ ਨੂੰ ਵਿਕਾਸ ਅਤੇ ਵਧਣ-ਫੁੱਲਣ ਲਈ ਲੋੜ ਹੁੰਦੀ ਹੈ। ਹਲਾਂਕਿ ਅੱਜ ਦੇ ਸਮੇਂ ਵਿਚ ਜਦੋਂ ਪਿੰਡ ਬਹੁਤ ਸਾਰੇ ਖੇਤਰਾਂ ਵਿੱਚ ਵੰਡੇ ਹੋਏ ਹਨ,ਲੋਕ ਵੱਧ ਤੋਂ ਵੱਧ ਅਲੱਗ-ਅਲੱਗ ਰਹਿਣਾ ਪਸੰਦ ਕਰਦੇ ਹਨ ਅਤੇ ਦੂਜਿਆਂ ਤੋਂ ਮਦਦ ਮੰਗਣ ਜਾਂ ਪ੍ਰਦਾਨ ਕਰਨ ਲਈ ਉਤਸੁਕ ਨਹੀਂ ਹਨ।ਇਸ ਦੇ ਮੱਦੇ ਨਜ਼ਰ ਬੱਚਿਆ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਯੋਗ ਬਣਾਉਣ ਲਈ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਨ ਲਈ,ਜਿੱਥੇ ਬੱਚਿਆਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਮਾਪੇ, ਭੈਣ-ਭਰਾ, ਪਰਿਵਾਰਕ ਮੈਂਬਰ, ਗੁਆਂਢੀ, ਅਧਿਆਪਕ, ਭਾਈਚਾਰੇ ਦੇ ਮੈਂਬਰ ਸਮੇਤ ਕਈ ਲੋਕ ਬੱਚੇ ਦੀ ਦੇਖਭਾਲ ਕਰਦੇ ਹਨ, ਦੇਣ ਲਈ ਇਹ ਪਹਿਲ ਕਦਮੀ ਸਾਰਥਕ ਸਿੱਧ ਹੋਵੇਗੀ।
ਬਲਾਕ ਪੱਧਰੀ ਉਦਘਾਟਨੀ ਸਮਾਰੋਹ ਵਿਚ ਡੇਰਾਬੱਸੀ,ਮਾਜਰੀ,ਖਰੜ-1,ਖਰੜ-2, ਦੇ ਅਧਿਕਾਰੀ,ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਦਿ ਹਾਜ਼ਰ ਸਨ ।