ਸਟੀਲ ਗਾਡਰ ਰੱਖਣ ਦਾ ਕੰਮ 4 ਜੁਲਾਈ ਤੱਕ ਹੋ ਜਾਵੇਗਾ ਮੁਕੰਮਲ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਕੋਸ਼ਿਸ਼ਾਂ ਸਦਕੇ ਨੰਗਲ ਫਲਾਈਉਵਰ ਵਿਚਕਾਰ ਆਉਂਦੇ ਰੇਲਵੇ ਲਾਇਨ ਉਤੇ ਸਟੀਲ ਗਾਡਰ ਰੱਖਣ ਦਾ ਕੰਮ ਆਰੰਭ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨੰਗਲ ਫਲਾਈਉਵਰ ਦੀ ਉਸਾਰੀ ਵਿਚ ਦੇਰੀ ਦਾ ਸਭ ਤੋਂ ਵੱਡਾ ਕਾਰਨ ਇਹ ਹਿੱਸਾ ਹੀ ਸੀ। ਉਨ੍ਹਾਂ ਦੱਸਿਆ ਕਿ ਰੇਲਵੇ ਲਾਈਨ ਦੇ ਇਕ ਪਾਸੇ ਉਤੇ 15 ਸਟੀਲ ਗਾਡਰ ਰੱਖੇ ਜਾਣ ਹਨ ਜਿਨ੍ਹਾਂ ਵਿਚੋਂ ਕੁਲ 5 ਪਹਿਲਾਂ ਰੱਖੇ ਜਾ ਚੁੱਕੇ ਹਨ ਅਤੇ ਮੁੱਖ ਰੇਲਵੇ ਲਾਈਨ ਉੱਤੇ ਰੇਲਵੇ ਵਿਭਾਗ ਦੀ ਪ੍ਰਵਾਨਗੀ ਉਪਰੰਤ ਰੱਖੇ ਜਾਂਣ ਵਾਲੇ 5 ਮੁੱਖ ਗਾਡਰਾਂ ਵਿਚੋਂ ਅੱਜ 3 ਸਟੀਲ ਗਾਡਰ ਰੱਖੇ ਗਏ ਹਨ ਅਤੇ ਬਾਕੀ ਰਹਿੰਦੇ 2 ਸਟੀਲ ਗਾਡਰ ਰੱਖਣ ਦਾ ਕੰਮ ਵੀ 4 ਜੁਲਾਈ 2023 ਤੱਕ ਮੁਕੰਮਲ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਰੱਖੇ ਗਏ ਸਟੀਲ ਗਾਡਰ ਸਦਕੇ ਇਕ ਸਾਈਡ ਅਵਾਜਾਈ ਸ਼ੁਰੂ ਕਰਨ ਸਬੰਧੀ ਕੋਸ਼ਿਸ਼ਾਂ ਬਹੁਤ ਜਲਦ ਨੇਪਰੇ ਚੜ੍ਹ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਕ ਸਾਈਡ ਪੁੱਲ ਤਿਆਰ ਕਰਕੇ ਬਹੁਤ ਜਲਦ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਸ.ਬੈਂਸ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ 6 ਜਨਵਰੀ 2018 ਨੂੰ ਸ਼ੁਰੂ ਹੋਏ ਇਸ ਫਲਾਈਓਵਰ ਦਾ ਕੰਮ 2020 ਵਿੱਚ ਖ਼ਤਮ ਹੋਣਾ ਸੀ ਪ੍ਰੰਤੂ ਪਿਛਲੀ ਸਰਕਾਰ ਵਿਚ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਅਤੇ ਸਰਕਾਰ ਵਿੱਚ ਅਹੁੱਦੇ ਤੇ ਰਹੇ ਥੋੜੀ ਕੋਸ਼ਿਸ਼ ਕਰ ਲੈਂਦੇ ਤਾਂ ਨੰਗਲ ਦੇ ਲੋਕਾਂ ਨੂੰ ਨਾ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਨਾ ਹੀ ਇਸ ਸ਼ਹਿਰ ਦੀ ਆਰਥਿਕਤਾ ਨੂੰ ਸੱਟ ਵੱਜਦੀ।
ਇਥੇ ਇਹ ਦਸਣਯੋਗ ਹੈ ਕਿ ਕੁਸ਼ਟ ਆਸ਼ਰਮ ਦੀ ਸ਼ਿਫਟਿੰਗ ਦਾ ਕੰਮ ਵੀ ਬਹੁਤ ਤੇਜੀ ਨਾਲ ਚੱਲ ਰਿਹਾ ਹੈ ਅਤੇ ਕੁਸ਼ਟ ਆਸ਼ਰਮ ਦੇ ਸਾਰੇ ਨਿਵਾਸੀਆਂ ਵਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਜਿਸ ਸਦਕਾ ਫਲਾਈਉਵਰ ਨਾਲ ਜੋੜਨ ਵਾਲੀ ਸੜਕ ਵੀ ਜਲਦ ਤਿਆਰ ਹੋ ਜਾਵੇਗੀ।