ਪਟਿਆਲਾ : ਚੀਨ ਵਿੱਚ ਚੱਲ ਰਹੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਭਾਰਤ ਵੱਲੋਂ ਖੇਡਦਿਆਂ ਤੀਰਅੰਦਾਜ਼ੀ ਦੇ ਖੇਤਰ ਵਿੱਚ ਕੁੱਲ ਸੱਤ ਤਗ਼ਮੇ ਹਾਸਲ ਕਰ ਲਏ ਹਨ। ਇਨ੍ਹਾਂ ਵਿੱਚ ਤਿੰਨ ਸੋਨ ਤਗ਼ਮੇ, ਇੱਕ ਚਾਂਦੀ ਤਗ਼ਮਾ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਿਲ ਹਨ।
ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੰਗਮਪ੍ਰੀਤ ਬਿਸਲਾ ਨੇ ਇੱਕ ਸੋਨ ਤਗ਼ਮਾ ਅਤੇ ਇੱਕ ਕਾਂਸੀ ਤਗ਼ਮਾ, ਅਵਨੀਤ ਕੌਰ ਨੇ ਇੱਕ ਸੋਨ ਤਗ਼ਮਾ ਅਤੇ ਇੱਕ ਚਾਂਦੀ ਤਗ਼ਮਾ, ਅਮਨ ਸੈਣੀ ਨੇ ਇੱਕ ਇੱਕ ਸੋਨ ਤਗ਼ਮਾ ਅਤੇ ਇੱਕ ਕਾਂਸੀ ਤਗ਼ਮਾ,ਤਨਿਸ਼ਾ ਵਰਮਾ ਨੇ ਇੱਕ ਕਾਂਸੀ ਤਗ਼ਮਾ ਜਿੱਤ ਕੇ ਯੋਗਦਾਨ ਪਾਇਆ ਹੈ। ਅਵਨੀਤ ਕੌਰ ਨੇ ਕੰਪਾਊਂਡ ਵਿਅਕਤੀਗਤ ਸ਼ਰੇਣੀ ਵਿੱਚ ਵਿਅਕਤੀਗਤ ਸੋਨ ਤਗ਼ਮਾ ਜਿੱਤ ਲਿਆ ਹੈ।
ਪਹਿਲਾਂ ਉਸ ਨੇ ਕੰਪਾਊਂਡ ਟੀਮ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸੰਗਮਪ੍ਰੀਤ ਸਿੰਘ ਬਿਸਲਾ ਨੇ ਕੰਪਾਊਂਡ ਵਿਅਕਤੀਗਤ ਸ਼ਰੇਣੀ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਉਸਨੇ ਪਹਿਲਾਂ ਕੰਪਾਊਂਡ ਟੀਮ (ਲੜਕੇ) ਸ਼ਰੇਣੀ ਵਿੱਚ ਕਾਂਸੀ ਤਗ਼ਮਾ ਜਿੱਤਿਆ ਸੀ। ਅਮਨ ਸੈਣੀ ਨੇ ਕੁੱਲ 3 ਮੈਡਲ ਜਿੱਤ ਲਏ ਹਨ। ਉਸਨੇ ਮਿਕਸ ਟੀਮ ਈਵੈਂਟ ਵਿੱਚ ਸੋਨ ਤਗ਼ਮਾ, ਵਿਅਕਤੀਗਤ ਕੰਪਾਊਂਡ ਪੁਰਸ਼ ਵਰਗ ਵਿੱਚ ਕਾਂਸੀ ਤਗ਼ਮਾ ਅਤੇ ਟੀਮ ਕੰਪਾਊਂਡ ਪੁਰਸ਼ ਵਰਗ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਨ੍ਹਾਂ ਨਤੀਜਿਆਂ ਉੱਪਰ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਡਾ ਖੇਡ ਵਿਭਾਗ ਯੂਨੀਵਰਸਿਟੀ ਦਾ ਮਾਣ ਹੈ। ਉਨ੍ਹਾਂ ਖਿਡਾਰੀਆਂ, ਕੋਚ ਅਤੇ ਸਮੁੱਚੇ ਖੇਡ ਵਿਭਾਗ ਨੂੰ ਵਧਾਈ ਦਿੱਤੀ। ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ, ਜੋ ਖ਼ੁਦ ਚੀਨ ਵਿੱਚ ਇਨ੍ਹਾਂ ਖੇਡਾਂ ਦੌਰਾਨ ਵੱਖ-ਵੱਖ ਟੀਮਾਂ ਦੀ ਅਗਵਾਈ ਲਈ ਮੌਜੂਦ ਹਨ, ਵੱਲੋਂ ਵੀ ਇਸ ਪ੍ਰਾਪਤੀ ਸੰਬੰਧੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।