ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਸਰਗਰਮ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਰਕਟ ਹਾਊਸ ਵਿਖੇ ਸੰਗਤ ਦਰਬਾਰ ਲਗਾਕੇ ਜਿੱਥੇ ਲੋਕਾਂ ਦੀਆਂ ਦਰਜ਼ਨਾਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ, ਉੱਥੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਸਮੇਤ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਰ ਦੁੱਖ ਸੁੱਖ ਦੀ ਸਾਰ ਲਈ ਜਾਵੇਗੀ।ਵਿਧਾਇਕ ਅਜੀਤਪਾਲ ਕੋਹਲੀ ਨੇ ਆਖਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ। ਕੋਈ ਵੀ ਕਦੇ ਵੀ ਉਨ੍ਹਾਂ ਕੋਲ ਆਕੇ ਆਪਣਾ ਕੰਮ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਆਦਮੀ ਪਾਰਟੀ ਉਪਰ ਭਰੋਸਾ ਦਿਖਾਇਆ ਹੈ ਤਾਂ ਉਨ੍ਹਾਂ ਦਾ ਵੀ ਪੂਰਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦਾ ਹਰ ਮੁਸ਼ਕਲ ਵਿੱਚ ਸਾਥ ਦੇਣ, ਜਿਸ ਉਪਰ ਉਹ ਖਰ੍ਹੇ ਉੱਤਰ ਰਹੇ ਹਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਅਤੇ ਪਟਿਆਲਾ ਸ਼ਹਿਰ ਲਈ ਵੱਖ-ਵੱਖ ਗਰਾਂਟਾਂ ਤੇ ਪ੍ਰੋਜੈਕਟਾਂ ਦੇ ਰੂਪ ਵਿੱਚ 100 ਕਰੋੜ ਦੀ ਗਰਾਂਟ ਮੰਜੂਰ ਹੋਈ ਹੈ, ਜਿਸ 'ਤੇ ਇਨ੍ਹਾਂ ਸਾਰੇ ਕੰਮਾਂ ਦੇ ਟੈਂਡਰ ਲਗਾਏ ਜਾ ਰਹੇ ਹਨ ਅਤੇ ਇਹ ਵਿਕਾਸ ਕਾਰਜ ਸ਼ਹਿਰ ਨੂੰ ਨਵਾਂ ਹੁਲਾਰਾ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾਗਰਕ ਕਰਕੇ ਰੱਖ ਦਿੱਤਾ, ਜਿਨ੍ਹਾਂ ਦੇ ਕੀਤੇ ਗਲਤ ਕੰਮਾਂ ਨੂੰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵੱਲੋਂ ਸੁਧਾਰਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਪਟਿਆਲਾ ਵਾਸੀਆਂ ਲਈ 1 ਹਜਾਰ ਕਰੋੜ ਰੁਪਏ ਦੇ ਵਿਕਾਸ ਕਰਨ ਦੇ ਦਾਅਵੇ ਖੋਖਲੇ ਰਹੇ ਅਤੇ ਪਟਿਆਲਾ ਵਾਸੀਆਂ ਨੂੰ ਬਿਨਾਂ ਲਾਰਿਆਂ ਤੋਂ ਕੁਝ ਨਹੀਂ ਮਿਲਿਆ। ਇਸ ਮੌਕੇ ਰਾਜੂ ਸਾਹਨੀ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਸਿਮਰਨਪ੍ਰੀਤ ਸਿੰਘ, ਇੰਦਰਜੀਤ ਸਿੰਘ ਖਰੌੜ ਤੇ ਜਗਤਾਰ ਸਿੰਘ ਤਾਰੀ ਵੀ ਮੌਜੂਦ ਸਨ। ਫੋਟੋ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ।